ਨਾਸਤਿਕਤਾ ਬਾਰੇ ਖੁਦ ਨਾਲ ਇਕ ਵਾਰਤਾਲਾਪ/ਇੰਟਰਵਿਊ
ਸਾਧੂ ਬਿਨਿੰਗ
ਸਵਾਲ: ਤੁਸੀਂ ਖੁਦ ਨੂੰ ਨਾਸਤਿਕ ਕਹਿੰਦੇ ਹੋ, ਤੁਹਾਡਾ ਇਸ ਤੋਂ ਕੀ ਭਾਵ ਹੈ?
ਜਵਾਬ: ਮੈਂ ਧਰਮਾਂ ਵਲੋਂ ਦਿੱਤੀ ਇਸ ਸੂਝ ਵਿੱਚ ਯਕੀਨ ਨਹੀਂ ਕਰਦਾ ਕਿ ਵਿਸ਼ਵ (ਯੂਨੀਵਰਸ) ਨੂੰ ਕਿਸੇ ਅਦਿੱਖ ਸ਼ਕਤੀ ਨੇ ਸਾਜਿਆ ਅਤੇ ਧਰਤੀ ਉੱਤੇ ਵਸਣ ਵਾਲ਼ੇ ਸਾਰੇ ਜੀਵ ਜੰਤੂਆਂ ਦੀ ਸਿਰਜਣਾ ਕੀਤੀ। ਮੇਰਾ ਨਰਕ, ਸਵਰਗ, ਜੰਮਣ ਤੋਂ ਪਹਿਲਾਂ ਜਾਂ ਮੌਤ ਤੋਂ ਬਾਅਦ ਦੇ ਜੀਵਨ, ਦੇਵੀ ਦੇਵਤਿਆਂ, ਰਾਖਸ਼ਾਂ, ਰੂਹਾਂ, ਭੂਤ-ਪ੍ਰੇਤ, ਜਾਂ ਕਿਸੇ ਕਿਸਮ ਦੇ ਚਮਤਕਾਰਾਂ ਵਿੱਚ ਕੋਈ ਯਕੀਨ ਨਹੀਂ ਹੈ। ਮੈਂ ਹੁਣ ਤੱਕ ਮਨੁੱਖ ਵਲੋਂ ਵਿਗਿਆਨ ਰਾਹੀਂ ਪ੍ਰਾਪਤ ਕੀਤੀ ਸੂਝ ਨੂੰ ਸਹੀ ਮੰਨਦਾ ਹਾਂ ਤੇ ਆਪਣੇ ਆਲ਼ੇ ਦੁਆਲ਼ੇ ਨੂੰ ਤਰਕ ਨਾਲ ਦੇਖਦਾ-ਪਰਖਦਾ ਹਾਂ। ਮੇਰੇ ਲਈ ਨਾਸਤਿਕਤਾ ਕੋਈ ਨਕਾਰਾਤਮਕ ਨਜ਼ਰੀਆ ਨਹੀਂ ਜਿਸ ਤਰ੍ਹਾਂ ਕਿ ਆਸਤਿਕਾਂ ਵਲੋਂ ਪ੍ਰਚਾਰਿਆ ਜਾਂਦਾ ਹੈ, ਸਗੋਂ ਦੁਨੀਆਂ ਨੂੰ ਦੇਖਣ-ਸਮਝਣ ਦੇ ਨਾਲ ਨਾਲ ਜੀਣ ਲਈ ਇਕ ਹੱਦ ਦਰਜੇ ਦਾ ਸਕਾਰਾਤਮਕ ਨਜ਼ਰੀਆ ਹੈ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡੇ ਸਮਾਜ ਵਿੱਚ ਆਮ ਲੋਕਾਂ ਵਲੋਂ ਨਾਸਤਿਕਤਾ ਨੂੰ ਸਤਿਕਾਰ ਨਾਲ ਨਹੀਂ ਦੇਖਿਆ ਜਾਂਦਾ ਇਸ ਕਰਕੇ ਕਾਫੀ ਵਿਅਕਤੀ ਭਾਵੇਂ ਵਿਸ਼ਵਾਸੀ ਨਾ ਵੀ ਹੋਣ ਖੁਦ ਨੂੰ ਨਾਸਤਿਕ ਵਜੋਂ ਪੇਸ਼ ਨਹੀਂ ਕਰਦੇ। ਪਰ ਮੈਂ ਮਹਾਤਮਾ ਬੁੱਧ ਤੋਂ ਲੈ ਕੇ ਭਗਤ ਸਿੰਘ ਤੱਕ ਦੁਨੀਆਂ ਦੇ ਅਨੇਕਾਂ ਸ਼ਾਨਦਾਰ ਨਾਸਤਿਕ ਲੋਕਾਂ ਦੇ ਇਸ ਸਬੰਧੀ ਸਾਫ ਸੁਥਰੇ ਤੇ ਇਮਾਨਦਾਰ ਵਿਚਾਰ ਪੜ੍ਹੇ ਹਨ ਤੇ ਮੈਨੂੰ ਉਨ੍ਹਾਂ ਤੋਂ ਲੋੜੀਂਦੀ ਸੂਝ, ਸੇਧ ਤੇ ਸ਼ਕਤੀ ਮਿਲਦੀ ਹੈ ਜਿਸ ਨਾਲ ਮੈਂ ਸਮਾਜ ਦੀ ਨਰਾਜ਼ਗੀ ਜਾਂ ਬੇਰੁਖੀ ਦਾ ਸਾਹਮਣਾ ਕਰ ਸਕਦਾ ਹਾਂ ਤੇ ਕਰਦਾ ਹਾਂ। ਮੈਂ ਕਿਸੇ ਵੀ ਵਿਅਕਤੀ ਨੂੰ ਉਸ ਦੇ ਵਿਸ਼ਵਾਸ ਲਈ ਨਫਰਤ ਨਹੀਂ ਕਰਦਾ ਅਤੇ ਹਮੇਸ਼ਾਂ ਕੋਸ਼ਸ਼ ਕਰਦਾ ਹਾਂ ਕਿ ਉਨ੍ਹਾਂ ਨਾਲ ਗੱਲਬਾਤ ਸਮੇਂ ਪੂਰਾ ਸਤਿਕਾਰ ਕਾਇਮ ਰੱਖਾਂ।
ਸਵਾਲ: ਤੁਸੀਂ ਕਿੱਦਾਂ ਅਤੇ ਕਦੋਂ ਨਾਸਤਿਕ ਬਣੇ?
ਜਵਾਬ: ਪੰਜਾਬ ਦੇ ਪਿੰਡ ਦਾ ਜੰਮ-ਪਲ਼ ਹਾਂ ਅਤੇ ਬਚਪਨ ਵਿੱਚ ਮੈਂ ਵੀ ਬਾਕੀਆਂ ਵਾਂਗ ਵਿਸ਼ਵਾਸੀ ਸਾਂ। ਪਰ ਮੈਨੂੰ ਛੋਟੀ ਉਮਰੇ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ। ਸਾਹਿਤ ਪੜ੍ਹਨ ਨਾਲ ਆਲ਼ੇ ਦੁਆਲ਼ੇ ਨੂੰ ਸਮਝਣ ਦਾ ਅਮਲ ਸ਼ੁਰੂ ਹੋਇਆ ਜੋ ਹੌਲ਼ੀ ਹੌਲ਼ੀ ਵਿਗਿਆਨਕ ਸੂਝ ਅਤੇ ਪਹੁੰਚ ਵੱਲ ਲੈ ਗਿਆ। ਉੱਨੀ ਵੀਹ ਸਾਲ ਦੀ ਉਮਰ ਵਿੱਚ ਮੈਂ ਕਨੇਡਾ ਆ ਗਿਆ ਤੇ ਉਦੋਂ ਕਾਫੀ ਹੱਦ ਤੱਕ ਮੈਂ ਨਾਸਤਿਕ ਬਣ ਚੁੱਕਾ ਸਾਂ।
ਸਵਾਲ: ਤੁਹਾਡੇ ਖਿਆਲ ਵਿੱਚ ਰੱਬ ਕੀ ਹੈ?
ਜਵਾਬ: ਵਿਗਿਆਨ ਨੇ ਸਾਨੂੰ ਦਰਸਾਇਆ ਹੈ ਤੇ ਦਰਸਾ ਰਿਹਾ ਹੈ ਕਿ ਇਸ ਧਰਤੀ ਨੂੰ ਅਤੇ ਇਸ ਉੱਪਰਲੇ ਜੀਵਨ ਨੂੰ ਇਸ ਰੂਪ ਤੱਕ ਆਉਣ ਵਾਸਤੇ ਕ੍ਰੋੜਾਂ ਸਾਲ ਲੱਗੇ ਹਨ। ਮਨੁੱਖ ਨੇ ਆਪਣੇ ਵਿਕਾਸ ਦੌਰਾਨ ਆਪਣੇ ਆਲ਼ੇ ਦੁਆਲ਼ੇ ਦੇ ਕੁਦਰਤੀ ਵਰਤਾਰਿਆਂ ਬਾਰੇ ਜਾਨਣ ਦੀ ਕੋਸ਼ਸ਼ ਕੀਤੀ ਜੋ ਹੁਣ ਵੀ ਜਾਰੀ ਹੈ। ਇਸ ਕੋਸ਼ਸ਼ ਦੇ ਮੁੱਢਲੇ ਪੜਾਅ ’ਤੇ ਉਹਨੂੰ ਲੱਗਾ ਕਿ ਇਸ ਸਾਰੀ ਕਾਇਨਾਤ ਨੂੰ ਬਣਾਉਣ ਤੇ ਚਲਾਉਣ ਵਾਲੀ ਕੋਈ ਅਦਿੱਖ ਸ਼ਕਤੀ ਹੈ। ਨਤੀਜੇ ਵਜੋਂ, ਧਰਤੀ ਦੇ ਵੱਖਰੇ ਵੱਖਰੇ ਥਾਂ ਰਹਿੰਦੇ ਮਨੁੱਖ ਨੇ ਆਪੋ ਆਪਣੀ ਸਥਿਤੀ ਅਨੁਸਾਰ ਵੱਖਰੇ ਵੱਖਰੇ ਰੱਬਾਂ ਦੀ ਕਲਪਨਾ ਕੀਤੀ। ਦੂਜੇ ਸ਼ਬਦਾਂ ਵਿੱਚ ਰੱਬ ਜਾਂ ਪਰਮਾਤਮਾ ਨੇ ਬੰਦਾ ਨਹੀਂ ਸਗੋਂ ਬੰਦੇ ਨੇ ਪਰਮਾਤਾਮਾ ਪੈਦਾ ਕੀਤਾ ਹੈ, ਦਰਅਸਲ ਵੱਖਰੇ ਵੱਖਰੇ ਪ੍ਰਮਾਤਮਾ ਪੈਦਾ ਕੀਤੇ ਹਨ। ਕਿਸੇ ਵੇਲੇ ਬੰਦੇ ਵਲੋਂ ਸਿਰਜੇ ਹਜ਼ਾਰਾਂ ਦੀ ਗਿਣਤੀ ਵਿੱਚ ਰੱਬਾਂ ਨੂੰ ਹੁਣ ਕੋਈ ਨਹੀਂ ਪੂਜਦਾ। ਸੋ ਰੱਬ ਜਾਂ ਪਰਮਾਤਮਾ ਦੀ ਕਾਢ ਇਨਸਾਨੀ ਵਿਕਾਸ ਦੇ ਬਚਪਨੇ ਦੀ ਕਿਰਤ ਹੈ। ਹੁਣ ਵਿਗਿਆਨ ਨੇ ਕੁਦਰਤ ਦੇ ਬਹੁਤੇ ਭੇਤ ਪਾ ਲਏ ਹਨ ਤੇ ਬਾਕੀਆਂ ਬਾਰੇ ਯਤਨ ਜਾਰੀ ਹੈ। ਇਸ ਤਰ੍ਹਾਂ ਦੇਖਿਆਂ ਰੱਬ ਦਾ ਸਾਰਾ ਚੱਕਰ ਹੁਣ ਫਜ਼ੂਲ ਜਾਪਦਾ ਹੈ ਅਤੇ ਇਸ ਉੱਪਰ ਉਸਰੇ ਧਾਰਮਿਕ ਅਦਾਰੇ ਬੇਲੋੜੇ ਹਨ, ਉਹ ਸਿਰਫ ਮਨੁੱਖ ਦੇ ਮਨੁੱਖ ਹੱਥੋਂ ਹੁੰਦੇ ਸ਼ੋਸ਼ਣ ਨੂੰ ਚਲਦਾ ਰੱਖਣ ਵਿੱਚ ਸਹਾਇਤਾ ਕਰਦੇ ਹਨ। ਰਾਜਿਆਂ ਦੀ ਤਰਜ ਉੱਪਰ ਹੀ ਰੱਬ ਨੂੰ ਸਾਜਿਆ ਗਿਆ ਸੀ ਤੇ ਰਾਜਿਆਂ ਵਾਂਗ ਹੀ ਹੁਣ ਇਹ ਸੰਸਾਰ ਤੋਂ ਵਿਦਾ ਹੋ ਰਿਹਾ ਹੈ।
ਸਵਾਲ: ਤੁਹਾਡੇ ਵਿਚਾਰ ਵਿੱਚ ਧਰਮ ਕੀ ਹੈ?
ਜਵਾਬ: ਇਸ ਧਰਤੀ ’ਤੇ ਵਿਚਰਦਿਆਂ ਹਰ ਇਨਸਾਨ ਦਾ ਦੋ ਕਿਸਮ ਦੇ ਕਾਨੂੰਨਾਂ ਜਾਂ ਨਿਯਮਾਂ ਨਾਲ ਵਾਹ ਪੈਂਦਾ ਹੈ। ਇਕ ਕੁਦਰਤੀ ਹੁੰਦੇ ਹਨ ਜਿਵੇਂ ਗੁਰੂਤਾ (ਗਰੈਵਿਟੀ), ਸਮਾਂ, ਮੌਸਮ, ਰੁੱਤਾਂ ਆਦਿ – ਇਨ੍ਹਾਂ ਨੂੰ ਵਰਣਨਾਤਮਿਕ (ਡਿਸਕਰਿਪਟਿਵ) ਕਿਹਾ ਜਾਂਦਾ ਹੈ। ਭਾਵ ਕਿ ਉਹ ਨਿਯਮ ਜਿਨ੍ਹਾਂ ਨੂੰ ਇਨਸਾਨ ਨੇ ਸਮਝ ਕੇ ਉਨ੍ਹਾਂ ਦੀ ਸਿਰਫ ਵਿਆਖਿਆ ਕੀਤੀ ਹੈ ਜਾਂ ਸਿਰਫ ਬਿਆਨਿਆ ਹੈ। ਇਨ੍ਹਾਂ ਉੱਪਰ ਇਨਸਾਨ ਦਾ ਕਿਸੇ ਕਿਸਮ ਦਾ ਕੋਈ ਕਾਬੂ ਨਹੀਂ ਹੈ। ਦੂਜੀ ਕਿਸਮ ਦੇ ਕਾਨੂੰਨ ਜਾਂ ਨਿਯਮ ਉਹ ਹੁੰਦੇ ਹਨ ਜੋ ਇਨਸਾਨ ਆਪਣੇ ਸਮਾਜ ਨੂੰ ਚਲਾਉਣ ਵਾਸਤੇ ਖੁਦ ਬਣਾਉਂਦਾ ਅਤੇ ਲਾਗੂ ਕਰਦਾ ਹੈ। ਇਨ੍ਹਾਂ ਨੂੰ ਆਦੇਸ਼ਾਤਮਿਕ (ਪਰਿਸਕਰਿਪਟਿਵ) ਕਿਹਾ ਜਾਂਦਾ ਹੈ। ਸਮਾਜ ਨੂੰ ਜਥੇਬੰਦ ਕਰਨ ਵਾਲ਼ੇ ਇਹ ਨਿਯਮ ਸਮੇਂ ਸਮੇਂ ਬਦਲਦੇ ਰਹਿੰਦੇ ਹਨ। ਇਨ੍ਹਾਂ ਦੇ ਬਦਲਾ ਦਾ ਮੁੱਢਲਾ ਕਾਰਨ ਮਨੁੱਖ ਵਲੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਆਲ਼ੇ ਦੁਆਲ਼ੇ ਦੇ ਕੁਦਰਤੀ ਸੋਮਿਆਂ ਨੂੰ ਵਰਤਣ ਤੇ ਲੋੜ ਅਨੁਸਾਰ ਢਾਲਣ ਦੇ ਅਮਲ ਵਿੱਚ ਆਉਂਦੀਆਂ ਤਬਦੀਲੀਆਂ ਹਨ। ਇਹ ਤਬਦੀਲੀਆਂ ਇਨਸਾਨ ਦੀ ਕੁਦਰਤੀ ਸੋਮਿਆਂ ਬਾਰੇ ਸੂਝ ਕਾਰਨ ਹੁੰਦੀਆਂ ਹਨ ਤੇ ਨਾਲ ਹੀ ਇਹ ਉਸ ਸੂਝ ਵਿੱਚ ਵਾਧਾ ਵੀ ਕਰਦੀਆਂ ਰਹਿੰਦੀਆਂ ਹਨ। ਜਦੋਂ ਮਨੁੱਖ ਆਪਣੇ ਆਲ਼ੇ ਦੁਆਲ਼ੇ ਬਾਰੇ ਪੂਰੀ ਸੂਝ ਨਹੀਂ ਸੀ ਰੱਖਦਾ ਤਾਂ ਉਹ ਜਾਨਵਰਾਂ ਵਾਂਗ ਸ਼ਿਕਾਰ ਕਰਕੇ ਤੇ ਉਹਦਾ ਸ਼ਿਕਾਰ ਕਰਨ ਵਾਲ਼ੇ ਜਾਨਵਰਾਂ ਅਤੇ ਮੀਂਹ ਆਦਿ ਤੋਂ ਬਚਣ ਲਈ ਗੁਫਾਵਾਂ ਆਦਿ ਵਿੱਚ ਲੁਕ ਛਿਪ ਕੇ ਰਹਿੰਦਾ ਸੀ। ਇਨ੍ਹਾਂ ਮੁਸੀਬਤਾਂ ਤੋਂ ਬਚਣ ਲਈ ਉਹਨੇ ਬਾਹਰੀ ਸਹਾਇਤਾ ਦੀ ਲੋੜ ਮਹਿਸੂਸ ਕੀਤੀ ਜਿਸ ਤੋਂ ਦੇਵੀ ਦੇਵਤਿਆਂ ਤੇ ਰੱਬ ਦੀ ਹੋਂਦ ਦੇ ਖਿਆਲ ਪੈਦਾ ਹੋਏ।
ਹੌਲ਼ੀ ਹੌਲ਼ੀ ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਅਮਲ ਵਿੱਚ ਆਪਣੇ ਆਲ਼ੇ ਦੁਆਲ਼ੇ ਨੂੰ ਜ਼ਿਆਦਾ ਸਮਝਣਾ ਸ਼ੁਰੂ ਕਰ ਦਿੱਤਾ। ਇਸ ਸੂਝ ਦੇ ਅਧਾਰ ’ਤੇ ਉਸ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਵਿੱਚ ਬਦਲਾਵ ਆਇਆ। ਕੋਈ ਬਾਰ੍ਹਾਂ ਤੇਰ੍ਹਾਂ ਕੁ ਹਜ਼ਾਰ ਸਾਲ ਪਹਿਲਾਂ ਇਨਸਾਨ ਨੇ ਖੇਤੀਬਾੜੀ ਦੀ ਖੋਜ ਕਰ ਲਈ ਅਤੇ ਕੁਝ ਜਾਨਵਰਾਂ ਨੂੰ ਪਾਲਣਾ ਸ਼ੁਰੂ ਕਰ ਲਿਆ। ਜਿੱਥੇ ਪਹਿਲਾਂ ਮਨੁੱਖ ਖਾਣ ਵਾਲੀਆਂ ਵਸਤੂਆਂ ਦੀ ਭਾਲ਼ ਵਿੱਚ ਲਗਾਤਾਰ ਇਕ ਥਾਂ ਤੋਂ ਦੂਜੀ ਥਾਂ ਘੁੰਮਦਾ ਰਹਿੰਦਾ ਸੀ, ਖੇਤੀਬਾੜੀ ਦੇ ਵਿਕਾਸ ਨਾਲ ਉਹ ਪੱਕੀਆਂ ਰਿਹਾਇਸ਼ਾਂ ਬਣਾ ਕੇ ਰਹਿਣ ਲੱਗਾ। ਇੱਕੋ ਜਗ੍ਹਾ ਇਕੱਠੇ ਰਹਿਣ ਨਾਲ ਮਨੁੱਖੀ ਸਮਾਜ ਦਾ ਵਿਕਾਸ ਹੋਇਆ। ਸਮਾਜ ਵਿੱਚ ਵਿਚਰਨ ਲਈ ਇਨਸਾਨ ਨੇ ਹਰ ਜਗ੍ਹਾ ਲੋੜ ਅਨੁਸਾਰ ਅਸੂਲ ਘੜੇ। ਆਪਣੀ ਸੂਝ ਅਨੁਸਾਰ ਮਨੁੱਖ ਨੇ ਆਪਣੇ ਸਿਰਜੇ ਭਗਵਾਨ ਵਿੱਚ ਉਹ ਸਾਰੀਆਂ ਸ਼ਕਤੀਆਂ ਤੇ ਚੰਗੇ ਗੁਣ ਭਰੇ ਜੋ ਉਹ ਖੁਦ ਆਪਣੇ ਵਿੱਚ ਦੇਖਣੇ ਚਾਹੁੰਦਾ ਸੀ। ਇਨਸਾਨ ਨੂੰ ਸਮਾਜ ਵਿੱਚ ਵਿਚਰਦਿਆਂ ਚੰਗੇ ਕੰਮਾਂ ਵੱਲ ਪ੍ਰੇਰਨ ਲਈ ਸਵਰਗ ਦੀ ਸਿਰਜਣਾ ਕੀਤੀ ਗਈ ਤੇ ਮਾੜੇ ਕੰਮਾਂ ਵਲੋਂ ਵਰਜਣ ਲਈ ਨਰਕ ਚਿਤਵਿਆ। ਹਰ ਜਗ੍ਹਾ ਅਨੇਕਾਂ ਮਿੱਥਾਂ ਘੜੀਆਂ ਗਈਆਂ ਜਿਨ੍ਹਾਂ ਦਾ ਮੁੱਖ ਮਕਸਦ ਇਨਸਾਨ ਨੂੰ ਪ੍ਰੇਰ ਕੇ ਜਾਂ ਡਰਾ ਧਮਕਾ ਕੇ ਸਮਾਜ ਦੇ ਕਾਇਦੇ, ਕਾਨੂੰਨਾਂ ਅਨੁਸਾਰ ਚਲਣ ਲਈ ਮੰਨਾਉਣਾ ਜਾਂ ਮਜਬੂਰ ਕਰਨਾ ਸੀ। ਅਪਣੇ ਸਿਰਜੇ ਭਗਵਾਨ, ਪ੍ਰਮਾਤਮਾ, ਰੱਬ, ਅੱਲਾ, ਗੌਡ, ਜਿਹੋਵਾ ਆਦਿ ਨੂੰ ਧਿਆਨ ਵਿੱਚ ਰੱਖ ਕੇ ਇਨਸਾਨ ਨੇ ਸਮਾਜ ਲਈ ਜੋ ਕਾਇਦੇ ਕਾਨੂੰਨ ਬਣਾਏ ਉਹ ਧਰਮ ਦਾ ਆਧਾਰ ਬਣੇ। ਇਨ੍ਹਾਂ ਵਿਚਾਰਾਂ ਦੇ ਸਹਾਰੇ ਮਨੁੱਖ ਦੇ ਮਨ ਨੂੰ ਕਾਬੂ ਕਰਨ ਲਈ ਸ਼ਾਤਿਰ ਲੋਕਾਂ ਨੇ ਜਥੇਬੰਦ ਧਰਮ ਦਾ ਰੂਪ ਹੋਂਦ ਵਿੱਚ ਲੈ ਆਂਦਾ।
ਸਵਾਲ: ਹੁਣ ਜਦ ਕਿ ਵਿਗਿਆਨ ਰਾਹੀਂ ਮਨੁੱਖ ਨੇ ਬਹੁਤ ਸਾਰੇ ਕੁਦਰਤੀ ਵਰਤਾਰਿਆਂ ਬਾਰੇ ਕਾਫੀ ਜਾਣਕਾਰੀ ਹਾਸਿਲ ਕਰ ਲਈ ਹੈ ਅਤੇ ਸਮਾਜ ਨੂੰ ਜਥੇਬੰਦ ਕਰਨ ਲਈ ਪਹਿਲਾਂ ਦੇ ਮੁਕਾਬਲੇ ਬਿਹਤਰ ਢੰਗ ਤਰੀਕੇ ਸੋਚ ਲਏ ਹਨ ਤਾਂ ਫੇਰ ਰੱਬ ਜਾਂ ਧਰਮ ਵਿੱਚ ਵਿਸ਼ਵਾਸ ਕਿਉਂ ਅਜੇ ਵੀ ਏਨੀ ਸ਼ਿੱਦਤ ਨਾਲ ਕਾਇਮ ਹੈ?
ਜਵਾਬ: ਇਨਸਾਨ ਵਲੋਂ ਕਿਸੇ ਵੇਲੇ ਲੋੜ ਲਈ ਘੜੇ ਗਏ ਇਸ ਖਿਆਲ ਦੇ ਕਾਇਮ ਰਹਿਣ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਸ਼ਾਇਦ ਵੱਡੀ ਗਿਣਤੀ ਲੋਕਾਂ ਵਿੱਚ ਵਿਗਿਆਨਕ ਸੂਝ ਦੀ ਅਤੇ ਜੀਵਨ ਵਿੱਚ ਵਿਗਿਆਨਕ ਪਹੁੰਚ ਦੀ ਘਾਟ ਹੈ ਅਤੇ ਜਿਸ ਨੂੰ ਅਜੋਕੇ ਨਾਬਰਾਬਰਤਾ ਵਾਲ਼ੇ ਆਰਥਿਕ ਢਾਂਚੇ ਵਲੋਂ ਕੋਸ਼ਸ਼ ਨਾਲ ਕਾਇਮ ਰੱਖਿਆ ਜਾ ਰਿਹਾ ਹੈ। ਬਹੁਤ ਲੋਕ ਆਪਣੇ ਮਾਪਿਆਂ ਵਲੋਂ ਬਚਪਨ ਵਿੱਚ ਮਿਲ਼ੀ ਸਿੱਖਿਆ ਉੱਪਰ ਮਾਪਿਆਂ ਅਤੇ ਭਾਈਚਾਰੇ ਦੇ ਸਤਿਕਾਰ ਕਾਰਨ ਕਿੰਤੂ ਨਹੀਂ ਕਰਦੇ ਭਾਵੇਂ ਉਨ੍ਹਾਂ ਅੰਦਰ ਇਸ ਵਿਸ਼ਵਾਸ ਉੱਤੇ ਸਵਾਲ ਪੈਦਾ ਹੋ ਰਹੇ ਹੋਣ। ਹੌਲ਼ੀ ਹੌਲ਼ੀ ਇਹ ਵਿਸ਼ਵਾਸ ਅਤੇ ਇਸ ਤੋਂ ਮਿਲਦੀ ਤਸੱਲੀ ਤੇ ਸ਼ਾਂਤੀ ਉਨ੍ਹਾਂ ਦੇ ਜੀਵਨ ਦਾ ਇਕ ਅਟੁੱਟ ਹਿੱਸਾ ਬਣ ਜਾਂਦੇ ਹਨ। ਨਾਲ ਹੀ ਇਹ ਵਿਅਕਤੀ ਉਸ ਭਾਈਚਾਰੇ ਦਾ ਹਿੱਸਾ ਬਣ ਜਾਂਦੇ ਹਨ ਜੋ ਇਨ੍ਹਾਂ ਵਾਂਗ ਹੀ ਉਨ੍ਹਾਂ ਸ਼ਕਤੀਆਂ ਜਾਂ ਗੁਰੂਆਂ ਪੀਰਾਂ ਵਿੱਚ ਯਕੀਨ ਕਰਨ ਵਾਲ਼ੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਆਪਣੇ ਵਿਸ਼ਵਾਸ ਨੂੰ ਛੱਡਣਾ ਜਾਂ ਉਸ ਉੱਤੇ ਕਿੰਤੂ ਪਰੰਤੂ ਕਰਨਾ ਉਨ੍ਹਾਂ ਲਈ ਅਸੰਭਵ ਹੋ ਜਾਂਦਾ ਹੈ। ਭਾਵੇਂ ਅਜੋਕੇ ਵਿਦਿਅਕ ਢਾਂਚੇ ਵਿੱਚ ਵਿਗਿਆਨ ਬਾਰੇ ਪੜ੍ਹਾਇਆ ਤਾਂ ਜਾਂਦਾ ਹੈ ਪਰ ਅਕਸਰ ਧਾਰਮਿਕ ਵਿਸ਼ਵਾਸ ਅਤੇ ਕਦਰਾਂ ਕੀਮਤਾਂ ਉੱਤੇ ਕਿੰਤੂ ਕੀਤਿਆਂ ਬਿਨਾਂ। ਨਤੀਜੇ ਵਜੋਂ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਭਾਵੇਂ ਵਿਗਿਆਨਕ ਜਾਣਕਾਰੀ ਰੱਖਦੇ ਹੋਣ ਪਰ ਵੱਖਰੇ ਵੱਖਰੇ ਕਾਰਨਾਂ ਵੱਸ ਉਹ ਆਪਣੇ ਬਚਪਨ ਦੀ ਸਿੱਖਿਆ ਉੱਤੇ ਕਾਇਮ ਰਹਿੰਦੇ ਹਨ। ਇਨ੍ਹਾਂ ਪੜ੍ਹੇ ਲਿਖੇ ਲੋਕਾਂ ਵਿੱਚ ਡਾਕਟਰ ਤੇ ਵਿਗਿਆਨੀ ਵੀ ਸ਼ਾਮਲ ਹੁੰਦੇ ਹਨ।
ਵਿਸ਼ਵਾਸ ਦੇ ਕਾਇਮ ਰਹਿਣ ਦਾ ਦੂਜਾ ਵੱਡਾ ਕਾਰਨ ਹੈ ਕਿ ਇਸ ਨਾਲ ਕੁਝ ਲੋਕਾਂ ਨੂੰ ਬੇਹੱਦ ਫਾਇਦਾ ਹੁੰਦਾ ਹੈ। ਅਜੋਕੇ ਪੂੰਜੀਵਾਦੀ ਆਰਥਿਕ ਢਾਂਚੇ (ਜਿਸ ਅਨੁਸਾਰ ਮੁਨਾਫਾ ਹੀ ਇਕੋ ਇਕ ਮਕਸਦ ਹੈ) ਵਿੱਚ ਉਸ ਕੰਮ ਵਲ ਹੀ ਧਿਆਨ ਦਿੱਤਾ ਜਾਂਦਾ ਹੈ ਜਿਸ ਵਿੱਚ ਖਰਚਾ ਘੱਟ ਹੋਵੇ ਤੇ ਮੁਨਾਫਾ ਬਹੁਤਾ। ਚਾਤਰ ਲੋਕ ਜਾਣਦੇ ਹਨ ਕਿ ਹੋਰ ਕਈ ਧੰਦਿਆਂ ਵਾਂਗ ਧਰਮ ਦਾ ਧੰਦਾ ਵੀ ਬੇਹੱਦ ਫਾਇਦੇ ਵਾਲ਼ਾ ਹੈ। ਇਹ ਫਾਇਦਾ ਸਿਰਫ ਧਾਰਮਿਕ ਸੰਸਥਾਵਾਂ ਨੂੰ (ਅਸਲ ਵਿੱਚ ਉਨ੍ਹਾਂ ਨੂੰ ਚਲਾਉਣ ਵਾਲ਼ੇ ਵਿਅਕਤੀਆਂ ਨੂੰ) ਹੀ ਨਹੀਂ ਸਗੋਂ ਇਸ ਦਾ ਫਾਇਦਾ ਹਰ ਖੇਤਰ ਵਿੱਚ ਹੁੰਦਾ ਹੈ ਖਾਸ ਕਰਕੇ ਸਿਆਸਤ ਵਿੱਚ। ਇਸ ਮਕਸਦ ਲਈ ਇਸ ਝੂਠ (ਰੱਬ ਦੀ ਹੋਂਦ) ਦਾ ਜ਼ੋਰ ਸ਼ੋਰ ਨਾਲ ਲਗਾਤਾਰ ਪਰਚਾਰ ਕੀਤਾ ਜਾ ਰਿਹਾ ਹੈ ਤੇ ਹਰ ਕੋਸ਼ਸ਼ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਅਸਲੀਅਤ ਤੋਂ ਦੂਰ ਰੱਖਿਆ ਜਾਵੇ। ਜਿੰਨਾ ਚਿਰ ਲੋਕ ਇਸ ਖਿਆਲੀ ਰੱਬ ਵਿੱਚ ਵਿਸ਼ਵਾਸ ਕਰਦੇ ਰਹਿਣਗੇ, ਉਸ ਦੇ ਪਿਆਰ ਦੀ ਆਸ ਵਿੱਚ ਹੱਥ ਜੋੜੀ ਖੜ੍ਹੇ ਰਹਿਣਗੇ, ਉਸ ਦੀ ਕਰੋਪੀ ਤੋਂ ਕੰਬਦੇ ਰਹਿਣਗੇ ਉਨਾਂ ਚਿਰ ਉਨ੍ਹਾਂ ਨੂੰ ਦੂਜੇ ਝੂਠਾਂ ਲਈ ਮੰਨਾਉਣਾ ਔਖਾ ਨਹੀਂ। ਬਚਪਨ ਵਿੱਚ ਸਿਖਾਇਆ ਜਾਂਦਾ ਇਹ ਵਿਸ਼ਵਾਸ ਹੀ ਅਸਲ ਵਿੱਚ ਅੰਧਵਿਸ਼ਵਾਸ ਦੀ ਜੜ੍ਹ ਹੈ ਤੇ ਜਿੰਨਾ ਚਿਰ ਇਸ ਕਿਸਮ ਦੇ ਵਿਸ਼ਵਾਸ ਦਾ ਖਾਤਮਾ ਨਹੀਂ ਹੁੰਦਾ, ਅੰਧਵਿਸ਼ਵਾਸ ਵੀ ਖਤਮ ਨਹੀਂ ਹੋਵੇਗਾ। ਅਜੋਕੇ ਸਮੇਂ ਖਿਆਲੀ ਰੱਬ ਨੂੰ ਅੱਗੇ ਰੱਖ ਕੇ ਹਰ ਧਰਮ ਦਾ ਕਾਰੋਬਾਰ ਇਸ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਕਿ ਇਹ ਸਿਰਫ ਉਸ ਧਰਮ ਨੂੰ ਮੰਨਣ ਵਾਲ਼ਿਆਂ ਦੇ ਜੀਵਨ ਉੱਪਰ ਹੀ ਅਸਰ ਨਹੀਂ ਪਾਉਂਦਾ, ਨਾ ਮੰਨਣ ਵਾਲ਼ਿਆਂ ਦੇ ਜੀਵਨ ਉੱਪਰ ਵੀ ਅਣਚਾਹਿਆ ਅਸਰ ਪਾਉਂਦਾ ਹੈ। ਇਹ ਹਰ ਜਗ੍ਹਾ ਇਨਸਾਨ ਨੂੰ ਦੂਜੇ ਇਨਸਾਨਾਂ ਤੋਂ ਪਾੜਦਾ ਹੈ। ਧਾਰਮਿਕ ਬੰਦਾ ਆਪਣੇ ਰੱਬ ਤੇ ਧਰਮ ਨੂੰ ਸਹੀ ਸਾਬਤ ਕਰਨ ਲਈ ਦੂਜਿਆਂ ਖਿਲਾਫ ਹਰ ਕਿਸਮ ਦੀ ਹਿੰਸਾ ਕਰਨ ਤੱਕ ਜਾਂਦਾ ਹੈ (ਧਰਮ ਦੇ ਇਨ੍ਹਾਂ ਨੁਕਸਾਨਾਂ ਦੀ ਸੂਚੀ ਬਹੁਤ ਲੰਬੀ ਹੈ ਜੋ ਫਾਇਦਿਆਂ ਨਾਲੋਂ ਕਿਤੇ ਵੱਧ ਹਨ)। ਹਾਂ ਜੇ ਕੋਈ ਚੁੱਪ ਚਾਪ ਆਪਣੇ ਮਨ ਵਿੱਚ, ਆਪਣੇ ਘਰ ਵਿੱਚ ਕਿਸੇ ਰੱਬ ਜਾਂ ਸ਼ਕਤੀ ਨੂੰ ਮੰਨਦਾ ਹੈ ਤੇ ਉਸ ਤੋਂ ਲੋੜੀਂਦੀ ਸ਼ਾਂਤੀ ਤੇ ਸ਼ਕਤੀ ਪ੍ਰਾਪਤ ਕਰਦਾ ਹੈ ਤਾਂ ਉਸ ਨਾਲ ਕਿਸੇ ਨੂੰ ਵੀ ਕੋਈ ਵਾਸਤਾ ਨਹੀਂ। ਹਰ ਕਿਸੇ ਨੂੰ ਅਜਿਹਾ ਕਰਨ ਦੀ ਪੂਰੀ ਆਜ਼ਾਦੀ ਹੈ ਤੇ ਹੋਣੀ ਚਾਹੀਦੀ ਹੈ। ਪਰ ਜੇ ਕਿਸੇ ਦਾ ਵਿਸ਼ਵਾਸ ਦੂਜਿਆਂ ਦੇ ਜੀਵਨ ਵਿੱਚ ਰਤਾ ਜਿੰਨਾ ਵੀ ਵਿਘਨ ਪਾਉਂਦਾ ਹੈ, ਜਿਸ ਤਰ੍ਹਾਂ ਕਿ ਜਥੇਬੰਦ ਧਰਮ ਹਰ ਵੇਲੇ ਕਰਦਾ ਹੈ, ਤਾਂ ਉਹ ਸਹੀ ਨਹੀਂ। ਚਾਹੀਦਾ ਇਹ ਹੈ ਕਿ ਲੋਕਾਂ ਨੂੰ ਵਿਗਿਆਨਿਕ ਅਧਾਰਿਤ ਵਿਿਦਆ ਰਾਹੀਂ ਹੁਣ ਤੱਕ ਪ੍ਰਾਪਤ ਸੂਝ ਬਾਰੇ ਪੜ੍ਹਾਇਆ ਜਾਵੇ। ਉਨ੍ਹਾਂ ਨੂੰ ਬਾਕੀ ਵਿਸ਼ਿਆਂ ਵਾਂਗ ਹੀ ਧਰਮਾਂ ਬਾਰੇ ਵੀ ਪੂਰੀ ਤਰ੍ਹਾਂ ਸੂਚਿਤ ਕੀਤਾ ਜਾਵੇ ਅਤੇ ਇਸ ਸੂਝ ਦੇ ਅਧਾਰ ’ਤੇ ਜੇ ਕੋਈ ਕਿਸੇ ਧਰਮ ਨੂੰ ਅਪਨਾਉਣਾ ਚਾਹੁੰਦਾ ਹੋਵੇ ਤਾਂ ਉਹਨੂੰ ਇਹ ਹੱਕ ਦਿੱਤਾ ਜਾਵੇ। ਇਸ ਕਿਸਮ ਦੀ ਵਿਿਦਆ ਦੀ ਸਹਾਇਤਾ ਨਾਲ ਲੋਕ ਆਪੇ ਸਿਰਜੇ ਇਸ ਝੂਠ ਤੋਂ ਜਾਣੂ ਹੋਣ ਤੇ ਸਵਰਗ, ਨਰਕ, ਕਰਮਾਂ ਦੇ ਫਲ਼, ਅਰਦਾਸਾਂ, ਮੰਨਤਾਂ, ਪੂਜਾ-ਪਾਠਾਂ ਆਦਿ ਵਰਗੇ ਬੇਹੂਦਾ ਤੇ ਬੇਲੋੜੇ ਵਿਚਾਰਾਂ ਤੋਂ ਪਿੱਛਾ ਛੁਡਾਉਣ। ਜਿੰਨਾ ਚਿਰ ਉਹ ਇਸ ਧਰਤੀ ’ਤੇ ਜੀਉਂਦੇ ਹਨ, ਇਸ ਜੀਵਨ ਨੂੰ ਏਥੇ ਹੀ ਸੋਹਣਾ ਬਣਾਉਣ, ਮਾਨਣ ਤੇ ਦੂਜਿਆਂ ਨੂੰ ਵਧੀਆ ਜੀਵਨ ਜੀਉਣ ਵਿੱਚ ਸਹਾਈ ਹੋਣ।
ਸਵਾਲ: ਤੁਸੀਂ ਕਿਉਂ ਏਨੀ ਤੀਬਰਤਾ ਨਾਲ ਮਹਿਸੂਸ ਕਰਦੇ ਹੋ ਕਿ ਇਸ ਵੇਲੇ ਨਾਸਤਿਕਤਾ ਬਾਰੇ ਗੱਲ ਕਰਨ ਦੀ ਲੋੜ ਹੈ?
ਜਵਾਬ: ਇਸ ਸਵਾਲ ਦਾ ਇਕ ਸੰਖੇਪ ਜਵਾਬ ਤਾਂ ਇਹ ਹੋ ਸਕਦਾ ਹੈ ਕਿ ਅਸੀਂ ਇਤਿਹਾਸ ਵੱਲ ਹੋਰ ਧਿਆਨ ਨਾਲ ਦੇਖੀਏ ਤੇ ਧਰਮਾਂ ਵਲੋਂ ਹੁਣ ਤੱਕ ਨਿਭਾਏ ਰੋਲ (ਕਿਰਦਾਰ) ਦੀ ਅਸਲੀਅਤ ਨੂੰ ਹੋਰ ਗੰਭੀਰਤਾ ਨਾਲ ਜਾਣੀਏ। ਇਹ ਸਹੀ ਹੈ ਕਿ ਧਰਮ ਨੇ ਇਨਸਾਨ ਨੂੰ ਇਕ ਸਮੇਂ ਜਾਤੀ ਪੱਧਰ ’ਤੇ ਵੀ ਅਤੇ ਸਮਾਜਿਕ ਪੱਧਰ ’ਤੇ ਵੀ ਆਪਣੇ ਆਲ਼ੇ ਦੁਆਲ਼ੇ ਦੀਆਂ ਕੁਦਰਤੀ ਹਾਲਤਾਂ ਨਾਲ ਵਿਚਰਨ ਵਿੱਚ ਸਹਾਇਤਾ ਕੀਤੀ। ਪਰ ਨਾਲ਼ ਹੀ ਧਰਮਾਂ ਨੇ ਇਨਸਾਨ ਨੂੰ ਇਕ ਅਜਿਹੀ ਮਾਨਸਿਕ ਸਥਿਤੀ ਵਿੱਚ ਜਕੜ ਲਿਆ ਜਿਸ ਤੋਂ ਉਹ ਅਜੇ ਤੱਕ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਿਆ। ਧਰਮਾਂ ਵਲੋਂ ਕਿਸੇ ਕਿਸਮ ਦੀ ਵੀ ਹੁਕਮ ਅਦੂਲੀ ਨੂੰ ਸਹਿਣ ਨਹੀਂ ਸੀ ਕੀਤਾ ਜਾਂਦਾ ਜੋ ਕਈ ਹਾਲਤਾਂ ਵਿੱਚ ਅਜੇ ਵੀ ਜਾਰੀ ਹੈ। ਆਪੇ ਸਿਰਜੇ ਦੇਵਤਿਆਂ ਨੂੰ ਖੁਸ਼ ਕਰਨ ਲਈ ਇਨਸਾਨਾਂ ਦੀ ਬਲ਼ੀ ਵਰਗੇ ਵਰਤਾਰੇ ਬਹੁਤ ਸਾਰੇ ਧਰਮਾਂ ਦਾ ਹਿੱਸਾ ਰਹੇ ਹਨ। ਯੂਰਪ ਵਿੱਚ ਔਰਤਾਂ ਨੂੰ ਭੂਤਨੀਆਂ (ਵਿੱਚਜ਼) ਕਹਿ ਕੇ ਲੂਹ ਦੇਣ ਵਰਗੇ ਵਰਤਾਰੇ ਜਾਂ ਭਾਰਤ ਵਿੱਚ ਸਤੀ ਦੀ ਰਸਮ ਵਰਗੇ ਰਿਵਾਜਾਂ ਨੂੰ ਖਤਮ ਹੋਣ ਲਈ ਲੰਮਾ ਸਮਾਂ ਲੱਗਾ। ਧਰਮਾਂ ਵਲੋਂ ਵਿਗਿਆਨ ਦੀ ਹਰ ਕੋਸ਼ਸ਼ ਨੂੰ ਆਪਣੀ ਪੂਰੀ ਵਾਹ ਲਾ ਕੇ ਰੋਕਣ ਦੀ ਕੋਸ਼ਸ਼ ਕੀਤੀ ਗਈ। ਧਰਮ ਜਦੋਂ ਇਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਰਹੇ ਹਨ ਤਾਂ ਇਨ੍ਹਾਂ ਦੀ ਹਮੇਸ਼ਾ ਕੋਸ਼ਸ਼ ਰਹੀ ਹੈ ਕਿ ਦੂਜੇ ਧਰਮ ਨੂੰ ਬਰਾਬਰ ’ਤੇ ਵਿਚਰਨ ਨਾ ਦਿੱਤਾ ਜਾਵੇ। ਯੂਰਪੀਅਨ ਬਸਤੀਵਾਦੀਆਂ ਵਲੋਂ ਆਪਣੇ ਇਸਾਈ ਧਰਮ ਨੂੰ ਫੈਲਾਉਣ ਲਈ ਜੋ ਢੰਗ ਤਰੀਕੇ ਵਰਤੇ ਗਏ ਉਹ ਕਿਸੇ ਤਰ੍ਹਾਂ ਵੀ ਮਨੁੱਖਤਾ ਲਈ ਚੰਗੀਆਂ ਉਦਾਹਰਨਾਂ ਨਹੀਂ ਮੰਨੇ ਜਾ ਸਕਦੇ। ਇਸਾਈ ਧਰਮ ਦੇ ਸਭ ਤੋਂ ਤਾਕਤਵਰ ਫਿਰਕੇ ਕੈਥੋਲਿਕ ਵਲੋਂ ਜਿਸ ਤਰ੍ਹਾਂ ਕਨੇਡਾ ਅਮਰੀਕਾ ਦੇ ਆਦਿਵਾਸੀਆਂ ਨੂੰ ਆਪਣੇ ਧਰਮ ਅਨੁਸਾਰ ਜੀਣ ਲਈ ਮਜਬੂਰ ਕੀਤਾ ਗਿਆ ਉਨ੍ਹਾਂ ਅਣਮਨੁੱਖੀ ਵਰਤਾਰਿਆਂ ਲਈ ਪੋਪ ਹੁਣ (ਜੁਲਾਈ, 2022) ਮੁਆਫੀਆਂ ਮੰਗ ਰਿਹਾ ਹੈ।
ਇਸ ਵੇਲੇ ਬਹੁਤ ਸਾਰੇ ਮੁਲਕਾਂ ਵਿੱਚ ਖਾਸ ਕਰ ਭਾਰਤ ਵਿੱਚ, ਜੋ ਕੁਝ ਧਰਮ ਦੇ ਨਾਂ ’ਤੇ ਵਾਪਰ ਰਿਹਾ ਹੈ ਉਹ ਬਹੁਤ ਖਤਰਨਾਕ ਹੈ। ਜਿਸ ਤਰੀਕੇ ਨਾਲ ਅਜੋਕੇ ਸਮੇਂ ਸਰਕਾਰ ’ਤੇ ਕਾਬਜ ਹਿੰਦੂ ਧਰਮ ਦੇ ਲੋਕਾਂ ਵਲੋਂ ਆਪਣੀ ਕੁਰਸੀ ਕਾਇਮ ਰੱਖਣ ਲਈ ਧਰਮ ਦੀ ਵਰਤੋਂ ਕੀਤੀ ਜਾ ਰਹੀ ਹੈ; ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਵੰਡੀਆਂ ਪਾਈਆਂ ਜਾ ਰਹੀਆਂ ਹਨ, ਉਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ। ਭਾਰਤ ਵਿਚ ਘੱਟ ਗਿਣਤੀ ਧਰਮ ਦੇ ਲੋਕਾਂ, ਇਸ ਵੇਲੇ ਖਾਸ ਕਰ ਮੁਸਲਮਾਨਾਂ ਨਾਲ, ਜਿਸ ਕਿਸਮ ਦਾ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ ਉਸ ਨੂੰ ਰੋਕਣ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਇੱਕੀਵੀਂ ਸਦੀ ਦੌਰਾਨ ਜਿਸ ਤਰ੍ਹਾਂ ਭਾਰਤ ਵਿੱਚ ਧਰਮ ਦੇ ਨਾਂ ’ਤੇ ਲੋਕਾਂ ਦੀ ਸੋਚ ਨੂੰ ਸਦੀਆਂ ਪਿੱਛੇ ਵੱਲ ਨੂੰ ਧੱਕਿਆ ਜਾ ਰਿਹਾ ਹੈ ਸੂਝ ਵਾਲੇ ਲੋਕਾਂ ਨੂੰ ਉਸ ਬਾਰੇ ਵੀ ਚਿੰਤਾ ਜਾਹਿਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕੁਝ ਲੋਕ ਕਰਦੇ ਵੀ ਹਨ। ਉਦਾਹਰਣ ਵਜੋਂ, ਇਸ ਵੇਲੇ ਗਾਂ ਨੂੰ ਮੱਲੋ ਮੱਲੀ ਹਰ ਕਿਸੇ ਦੀ ਮਾਂ ਗਰਦਾਨਿਆ ਜਾ ਰਿਹਾ ਹੈ ਤੇ ਉਸ ਦੇ ਮੂਤ ਨੂੰ ਬੋਤਲਾਂ ਵਿੱਚ ਪਾ ਕੇ ਵੇਚਿਆ ਜਾ ਰਿਹਾ ਹੈ। ਇਹੋ ਜਿਹੇ ਪਾਗਲਪਨ ਦਾ ਚੇਤਨ ਲੋਕਾਂ ਵਲੋਂ ਹੋਰ ਸਰਗਰਮੀ ਨਾਲ ਵਿਰੋਧ ਹੋਣਾ ਚਾਹੀਦਾ ਹੈ। ਇਨ੍ਹਾਂ ਕੋਸ਼ਸ਼ਾਂ ਦੇ ਹਿੱਸੇ ਵਜੋਂ ਧਰਮ ਦੇ ਨੁਕਸਾਨਾਂ ਅਤੇ ਇਹ ਜਿਸ ਝੂਠੇ ਅਧਾਰ ਉੱਪਰ ਕਾਇਮ ਹੈ, ਸਿੱਧੇ ਸ਼ਬਦਾਂ ਵਿੱਚ, ਰੱਬ ਦੀ ਸਚਾਈ ਬਾਰੇ ਵੀ, ਚਰਚਾ ਚੱਲਣੀ ਚਾਹੀਦੀ ਹੈ।
ਨਾਸਤਿਕਤਾ ਬਾਰੇ ਗੱਲ ਕਰਨ ਦੀ ਇਸ ਕਰਕੇ ਵੀ ਲੋੜ ਹੈ ਕਿ ਧਰਮ ਦਾ ਬਹੁਤਾ ਜੋਰ ਬੰਦੇ ਨੂੰ ਇਹ ਦੱਸਣ ਉੱਤੇ ਲੱਗਦਾ ਹੈ ਕਿ ਉਹ ਇਸ ਜੀਵਨ ਦੌਰਾਨ ਉਹ ਕੰਮ ਕਰੇ ਜਿਸ ਨਾਲ ਉਸ ਦਾ ਅਗਲਾ ਜੀਵਨ ਸੁਧਰ ਸਕੇ। ਇਸ ਨਾਲ ਇਸ ਜੀਵਨ ਨੂੰ ਸੁਧਾਰਨ ਤੇ ਮਨੁੱਖਤਾ ਵੱਲ ਧਿਆਨ ਦੇਣ ਦੀ ਥਾਂ ਧਾਰਮਿਕ ਮਨੁੱਖ ਆਪਣੇ ਅਗਲੇ ਜੀਵਨ ਉੱਤੇ ਵੱਧ ਧਿਆਨ ਕੇਂਦਰਤ ਰੱਖਦਾ ਹੈ। ਉਹ ਏਥੇ ਜੋ ਵੀ ਕੰਮ ਕਰਦਾ ਹੈ ਉਸ ਦਾ ਵੀ ਮੁੱਖ ਨਿਸ਼ਾਨਾ ਆਪਣਾ ਅੱਗਾ ਸੁਆਰਨਾ ਹੀ ਰਹਿੰਦਾ ਹੈ। ਜਦੋਂ ਕੋਈ ਵਿਅਕਤੀ ਨਾਸਤਿਕ ਬਣ ਜਾਂਦਾ ਹੈ ਉਸ ਵਾਸਤੇ ਰੱਬ ਦੀ ਹੋਂਦ ਜਾਂ ਸਵਰਗ ਨਰਕ ਦੇ ਸਵਾਲ ਮਹੱਤਵਪੂਰਨ ਨਹੀਂ ਰਹਿੰਦੇ। ਉਸ ਵਾਸਤੇ ਇਹ ਗੱਲ ਮਹੱਤਵਪੂਰਨ ਹੋ ਜਾਂਦੀ ਹੈ ਕਿ ਜੀਵਨ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਗੁਜਾਰਨਾ ਹੈ। ਇਸ ਪਹੁੰਚ ਨਾਲ ਵਿਅਕਤੀ ਇਕ ਵਿਸ਼ੇਸ਼ ਕਿਸਮ ਦੀ ਆਜ਼ਾਦੀ ਵੀ ਮਹਿਸੂਸ ਕਰਦਾ ਹੈ ਤੇ ਕੁਦਰਤੀ ਤੇ ਸਮਾਜਿਕ ਆਲ਼ੇ ਦੁਆਲ਼ੇ ਬਾਰੇ ਵੀ ਇਕ ਵੱਖਰੀ ਨਜ਼ਰ ਅਪਣਾਉਂਦਾ ਹੈ।
ਮੈਨੂੰ ਇਹ ਗੱਲ ਹਮੇਸ਼ਾ ਹੈਰਾਨ ਕਰਦੀ ਹੈ ਕਿ ਅਜੋਕੇ ਸਮੇਂ ਇਨਸਾਨ ਦਾ ਸਮੁੱਚਾ ਜੀਵਨ ਵਿਗਿਆਨ ਦੀਆਂ ਕਾਢਾਂ ਅਨੁਸਾਰ ਚਲਦਾ ਹੈ। ਧਾਰਮਿਕ ਅਦਾਰੇ ਵੀ ਕੋਈ ਨਿੱਕੀ ਜਿਹੀ ਗੱਲ ਵੀ ਵਿਗਿਆਨ ਦੀ ਵਰਤੋਂ ਬਿਨਾਂ ਨਹੀਂ ਕਰ ਸਕਦੇ। ਉਦਾਹਰਨ ਵਜੋਂ, ਵਕਤ ਦਾ ਹਿਸਾਬ ਕਿਤਾਬ ਰੱਖਣ ਲਈ ਵੀ ਵਿਗਿਆਨੀਆਂ ਵਲੋਂ ਸੋਲ੍ਹਵੀਂ ਸਦੀ ਦੇ ਸ਼ੁਰੂ ਵਿੱਚ ਇਜ਼ਾਦ ਕੀਤੀ ਘੜੀ ਦੀ ਵਰਤੋਂ ਜ਼ਰੂਰੀ ਹੈ ਜੋ ਪੀਟਰ ਹੈਨਲਿਨ ਨਾਂ ਦੇ ਜਰਮਨ ਵਿਅਕਤੀ ਦੀ ਕਾਢ ਸੀ। ਪੂਰੀ ਤਰ੍ਹਾਂ ਵਿਗਿਆਨ ਉੱਪਰ ਟੇਕ ਰੱਖਣ ਦੇ ਬਾਵਜੂਦ ਧਰਮਾਂ ਵਲੋਂ ਵਿਗਿਆਨ ਨੂੰ ਨਜ਼ਰ ਅੰਦਾਜ਼ ਹੀ ਨਹੀਂ ਕੀਤਾ ਜਾਂਦਾ ਸਗੋਂ ਇਕ ਵਿਰੋਧੀ ਧਿਰ ਵਾਂਗ ਦੇਖਿਆ ਜਾਂਦਾ ਹੈ ਖਾਸ ਕਰ ਜੇ ਕਿਸੇ ਵਲੋਂ ਆਲ਼ੇ ਦੁਆਲ਼ੇ ਨੂੰ ਦੇਖਣ ਸਮਝਣ ਲਈ ਵਿਗਿਆਨਕ ਪਹੁੰਚ ਵਰਤਣ ਦੀ ਕੋਸ਼ਸ਼ ਕੀਤੀ ਜਾਵੇ।
ਇਸ ਵੇਲੇ ਜੇ ਅਸੀਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੇ ਸਮਾਜਾਂ ਦਾ ਮੁਕਾਬਲਾ ਕਰੀਏ ਤਾਂ ਦੇਖਦੇ ਹਾਂ ਕਿ ਉਹ ਸਮਾਜ ਲੋਕਾਂ ਦੇ ਰਹਿਣ ਲਈ ਬੇਹੱਦ ਵਧੀਆ ਹਨ ਜਿੱਥੇ ਲੋਕਾਂ ਨੇ ਧਰਮ ਨੂੰ ਸਿਆਸਤ, ਵਿਿਦਆ, ਸਿਹਤ ਅਤੇ ਹੋਰ ਅਜਿਹੇ ਮਹੱਤਵਪੂਰਨ ਅਦਾਰਿਆਂ ਤੋਂ ਦੂਰ ਰੱਖਿਆ ਹੈ। ਅਤੇ ਜਿਨ੍ਹਾਂ ਥਾਵਾਂ ’ਤੇ ਧਰਮ ਅਤੇ ਸਮਾਜ ਦੇ ਦੂਜੇ ਅਦਾਰਿਆਂ ਵਿੱਚ ਦੂਰੀ ਨਹੀਂ ਹੈ ਉੱਥੇ ਜੀਵਨ ਏਨਾ ਸੋਹਣਾ ਤੇ ਸੁਖਾਵਾਂ ਨਹੀਂ। ਕਨੇਡਾ ਵੀ ਇਸ ਦੀ ਇਕ ਚੰਗੀ ਉਦਾਹਰਨ ਹੈ। ਜੇ ਏਥੇ ਕਿਸੇ ਵੀ ਧਰਮ ਦਾ ਉਸ ਕਿਸਮ ਦਾ ਸਥਾਨ ਹੁੰਦਾ ਜਿਸ ਕਿਸਮ ਦਾ ਉਦਾਹਰਨ ਵਜੋਂ ਪਾਕਿਸਤਾਨ ਜਾਂ ਕੁਝ ਹੋਰ ਮੁਲਕਾਂ ਵਿੱਚ ਹੈ ਜਾਂ ਜਿਸ ਦਿਸ਼ਾ ਵਿੱਚ ਇਸ ਵੇਲੇ ਭਾਰਤ ਤੇਜੀ ਨਾਲ ਚੱਲ ਰਿਹਾ ਹੈ, ਤਾਂ ਦੂਜੇ ਲੋਕ ਕਦੇ ਵੀ ਏਥੇ ਆ ਕੇ ਏਨਾ ਸੋਹਣਾ ਜੀਵਨ ਨਹੀਂ ਸੀ ਜੀਅ ਸਕਦੇ। ਸਾਡੀ ਕੋਸ਼ਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਸਮਾਜ ਨੂੰ ਹੋਰ ਵੀ ਸੋਹਣਾ ਬਣਾਉਣ ਵਾਸਤੇ ਧਰਮਾਂ ਨੂੰ ਸਿਆਸਤ ਤੇ ਹੋਰ ਅਦਾਰਿਆਂ ਤੋਂ ਦੂਰ ਰੱਖੀਏ। ਪਰ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਾਡਾ ਆਪਣਾ ਭਾਈਚਾਰਾ ਇਸ ਤੋਂ ਉਲਟ ਚੱਲਣ ਦੀ ਕੋਸ਼ਸ਼ ਵਿੱਚ ਹੈ। ਇਹ ਰੁਝਾਨ ਨਾ ਸਾਡੇ ਲਈ ਤੇ ਨਾ ਹੀ ਇਸ ਸੋਹਣੇ ਮੁਲਕ ਲਈ ਚੰਗਾ ਹੈ।
ਮੁੱਖ ਧਾਰਾ ਤੋਂ ਪਾਸੇ ਹੋ ਕੇ ਸੋਚਣ ਵਾਲੇ ਲੋਕ ਮਹਿਸੂਸ ਕਰਦੇ ਹਨ ਕਿ ਸਾਡੇ ਭਾਈਚਾਰੇ ਵਿੱਚ ਇਸ ਸਮੇਂ ਸੰਤੁਲਨ ਨਹੀਂ ਹੈ। ਇਹ ਗੱਲ ਕੋਈ ਛੁਪੀ ਨਹੀਂ ਕਿ ਅਸਲ ਵਿੱਚ ਬਹੁਤ ਥੋੜ੍ਹੇ ਲੋਕ ਹਨ ਜੋ ਸਹੀ ਅਰਥਾਂ ਵਿੱਚ ਆਪਣੇ ਧਰਮ ਮੁਤਾਬਕ ਜੀਵਨ ਜੀਉਂਦੇ ਹਨ ਜਾਂ ਅਜੋਕੀਆਂ ਸਥਿਤੀਆਂ ਵਿੱਚ ਜੀਅ ਸਕਦੇ ਹਨ। ਪਰ ਫੇਰ ਵੀ ਸਾਡੇ ਲੋਕਾਂ ਦਾ ਬਹੁਤਾ ਸਮਾਂ ਧਾਰਮਿਕ ਗਤੀਵਿਧੀਆਂ ਵਿੱਚ ਲੰਘਦਾ ਹੈ। ਇਸ ਦੇ ਨੁਕਸਾਨਾਂ ਵਿੱਚ ਇਕ ਨੁਕਸਾਨ ਇਹ ਹੈ ਕਿ ਜਿੱਥੇ ਸਾਡਾ ਭਾਈਚਾਰਾ ਬਾਕੀ ਦੇ ਖੇਤਰਾਂ ਵਿੱਚ ਕਿਸੇ ਨਾਲੋਂ ਘੱਟ ਨਹੀਂ ਉੱਥੇ ਬੌਧਿਕ ਪੱਧਰ ’ਤੇ ਸ਼ਾਇਦ ਬਹੁਤਿਆਂ ਨਾਲੋਂ ਪਛੜਿਆ ਹੋਇਆ ਹੈ। ਅਸੀਂ ਇੱਕੀਵੀਂ ਸਦੀ ਵਿੱਚ ਵੀ ਚੌਵੀ ਘੰਟੇ ਆਪਣੇ ਜੱਟ ਹੋਣ ਬਾਰੇ ਹੀ ਗੀਤ ਗਾਈ ਤੇ ਬਜਾਈ ਜਾਂਦੇ ਹਾਂ। ਉਹ ਵੀ ਉਸ ਧਰਮ ਦੇ ਲੋਕ ਜਿਹੜਾ ਧਰਮ ਸ਼ੁਰੂ ਹੀ ਸਮਾਜ ਵਿੱਚੋਂ ਜਾਤ-ਪਾਤ ਖਤਮ ਕਰਨ ਵਾਸਤੇ ਹੋਇਆ ਸੀ। ਜੱਟਪੁਣੇ ਤੇ ਧਾਰਮਿਕ ਚੱਕਰ ਵਿੱਚ ਫਸੇ ਜਾਂ ਫਸਾਏ ਸਾਡੇ ਬੱਚੇ ਨਾ ਚੰਗਾ ਸਾਹਿਤ ਪੜ੍ਹ ਜਾਂ ਲਿਖ ਰਹੇ ਹਨ ਤੇ ਨਾ ਹੀ ਉਨ੍ਹਾਂ ਵਿੱਚੋਂ ਕੋਈ ਸਮਾਜਿਕ ਵਿਗਿਆਨ ਵਰਗੇ ਵਿਿਸ਼ਆ ਵਲ ਜਾ ਰਹੇ ਹਨ ਤਾਂ ਕਿ ਸਮਾਜ ਦੇ ਬਦਲਦੇ ਵਰਤਾਰਿਆਂ ਨੂੰ ਦੇਖਿਆ ਸਮਝਿਆ ਜਾ ਸਕੇ। ਨਤੀਜੇ ਵਜੋਂ ਉਨ੍ਹਾਂ ਵਿੱਚ ਕੋਈ ਨਵੀਂ ਜਾਂ ਸਮਾਜ ਬਾਰੇ ਚਿੰਤਾ ਵਾਲੀ ਸੋਚ ਪੈਦਾ ਨਹੀਂ ਹੋ ਰਹੀ ਦਿਸਦੀ। ਇਸ ਦੀ ਉਦਾਹਰਨ ਵਜੋਂ ਅਸੀਂ ਹਾਲ ਹੀ ਵਿੱਚ ਵਾਪਰੀ ਘਟਨਾ ਦੇਖ ਸਕਦੇ ਹਾਂ। ਪੰਜਾਬੀ ਭਾਈਚਾਰੇ ਨਾਲ ਸਬੰਧਤ ਇਕ ਨੌਜਵਾਨ ਗਾਇਕ ਸਿੱਧੂ ਮੂਸੇਵਾਲ਼ਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਭਰ ਜਵਾਨੀ ਵਿੱਚ ਕਲਾਤਮਿਕ ਗੁਣਾਂ ਵਾਲ਼ੇ ਨੌਜਵਾਨ ਦਾ ਕਤਲ ਸਿਰਫ ਉਹਦੇ ਮਾਪਿਆਂ ਲਈ ਹੀ ਨਹੀਂ ਹਰ ਕਿਸੇ ਲਈ ਇਕ ਸੋਗਮਈ ਤੇ ਫਿਕਰ ਵਾਲੀ ਗੱਲ ਹੈ। ਪਰ ਨਾਲ ਹੀ ਅਤੇ ਇਸ ਤੋਂ ਵੀ ਵੱਧ ਫਿਕਰ ਵਾਲੀ ਗੱਲ ਇਹ ਹੈ ਜਾਂ ਹੋਣੀ ਚਾਹੀਦੀ ਹੈ ਕਿ ਉਸ ਦੇ ਜੱਟਵਾਦ ਤੇ ਹਥਿਆਰਾਂ ਦੇ ਸੋਹਲੇ ਗਾਉਂਦੇ ਗੀਤਾਂ ਨੂੰ ਪਸੰਦ ਕਰਨ ਵਾਲ਼ੇ ਨੌਜਵਾਨਾਂ ਦੀ ਗਿਣਤੀ ਲੱਖਾਂ ਵਿੱਚ ਹੈ। ਜੇ ਇਨ੍ਹਾਂ, ਖਾਸ ਕਰ ਪੰਜਾਬੀ/ਸਿੱਖ, ਨੌਜਵਾਨਾਂ ਬਾਰੇ ਸੋਚਿਆ ਵਿਚਾਰਿਆ ਜਾਵੇ ਕਿ ਇਨ੍ਹਾਂ ਦੀ ਇਸ ਸੋਚ ਦਾ ਅਧਾਰ ਕੀ ਹੈ ਤਾਂ ਸ਼ਾਇਦ ਧਰਮ ਉੱਪਰ ਟੇਕ ਤੋਂ ਬਿਨਾਂ ਹੋਰ ਕੋਈ ਅਧਾਰ ਸਾਹਮਣੇ ਨਾ ਆਵੇ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਸਾਰੇ ਲੋਕ ਧਾਰਮਿਕ ਹਨ ਜਾਂ ਧਰਮ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ ਪਰ ਉਹ ਆਪਣੇ ਜੀਵਨ ਦੇ ਇਸ ਪੱਖ ਬਾਰੇ ਗੰਭੀਰਤ ਨਾਲ ਕਦੇ ਸੋਚਦੇ ਨਹੀਂ ਤੇ ਨਾ ਹੀ ਲੋੜ ਮਹਿਸੂਸ ਕਰਦੇ ਹਨ। ਮੇਰੀ ਸਮਝ ਵਿੱਚ ਇਸ ਦਾ ਕਾਰਨ ਇਹ ਆਉਂਦਾ ਹੈ ਕਿ ਕਿਉਂਕਿ ਉਹ ਕਦੇ ਕਦਾਈਂ ਗੁਰਦਵਾਰੇ ਚਲੇ ਜਾਂਦੇ ਹਨ ਤੇ ਸ਼ਰਧਾ ਅਨੁਸਾਰ ਮੱਥਾ ਟੇਕਦੇ ਹਨ, ਕਦੇ ਕਿਸੇ ਧਾਰਮਿਕ ਵਿਅਕਤੀ ਨਾਲ ਬੁਰਾ ਸਲੂਕ ਨਹੀਂ ਕਰਦੇ ਅਤੇ ਸਾਲ ਵਿੱਚ ਇਕ ਅੱਧ ਵਾਰ ਵਿਸਾਖੀ ਦੇ ਮੇਲੇ ’ਤੇ ਸਿਰ ’ਤੇ ਪੱਗੜੀ ਸਜਾ ਲੈਂਦੇ ਹਨ ਇਸ ਨਾਲ ਉਹ ਮਹਿਸੂਸ ਕਰਦੇ ਹਨ ਕਿ ਜੀਵਨ ਦੇ ਇਸ ਪੱਖ ਬਾਰੇ (ਉਦਾਹਰਨ ਵਜੋਂ ਨੈਤਿਕਤਾ ਬਾਰੇ) ਉਨ੍ਹਾਂ ਨੂੰ ਹੋਰ ਸੋਚਣ ਜਾਂ ਕੁਝ ਕਰਨ ਦੀ ਲੋੜ ਨਹੀਂ।
ਦੂਜੇ ਭਾਈਚਾਰਿਆਂ ਨਾਲ ਮੁਕਾਬਲਾ ਕਰਨ ’ਤੇ ਅਸੀਂ ਦੇਖਦੇ ਹਾਂ ਕਿ ਜਿੱਥੇ ਦੂਜੇ ਲੋਕ ਸਮਾਜ ਦੇ ਕੰਮ ਸਮਾਜ ਜਾਂ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਨ ਜਿਵੇਂ ਕਿ ਵਾਤਾਵਰਨ ਦੀ ਰੱਖਿਆ, ਜੰਗ ਦਾ ਵਿਰੋਧ, ਮਨੁੱਖਤਾ ਲਈ ਘਾਤਕ ਆਰਥਿਕ ਢਾਂਚੇ ਪੂੰਜੀਵਾਦ ਦਾ ਵਿਰੋਧ, ਦੱਬੇ ਕੁਚਲੇ ਤੇ ਗਰੀਬ ਲੋਕਾਂ ਦੇ ਹੱਕਾਂ ਲਈ ਘੋਲ ਆਦਿ ਉੱਥੇ ਸਾਡੇ ਲੋਕ ਅਜਿਹੇ ਕੰਮਾਂ ਵਿੱਚ ਜਾਂ ਤਾਂ ਹਿੱਸਾ ਹੀ ਨਹੀਂ ਲੈਂਦੇ ਤੇ ਜੇ ਹਿੱਸਾ ਲੈਂਦੇ ਵੀ ਹਨ ਤਾਂ ਸਿਰਫ ਆਪਣੇ ਧਰਮ ਨੂੰ ਅੱਗੇ ਰੱਖ ਕੇ। ਭਾਵੇਂ ਇਹ ਕੋਈ ਏਡੀ ਬੁਰੀ ਗੱਲ ਨਹੀਂ ਪਰ ਧਿਆਨ ਨਾਲ ਦੇਖਿਆਂ ਇਸ ਵਰਤਾਰੇ ਪਿਛੇ ਕਿਤੇ ਨਾ ਕਿਤੇ ਦੋ ਗੱਲਾਂ ਛੁਪੀਆਂ ਹੁੰਦੀਆਂ ਹਨ। ਇਕ ਤਾਂ ਵਿਅਕਤੀਗਤ ਪੱਧਰ ’ਤੇ ਪਰਮਾਤਮਾ ਨੂੰ ਖੁਸ਼ ਕਰਨ ਦੀ ਖਾਹਿਸ਼ ਤੇ ਦੂਜਾ ਆਪਣੇ ਧਰਮ ਨੂੰ ਅੱਗੇ ਵਧਾਉਣ ਦੀ ਖਾਹਿਸ਼। ਮੇਰੇ ਵਿਚਾਰ ਵਿੱਚ ਇਹ ਦੋਵੇਂ ਕਾਰਨ ਖੁਦਗਰਜੀ (ਸੈਲਫਿਸ਼) ਵਾਲ਼ੇ ਹਨ। ਸਮਾਜ ਦੇ ਕੰਮ ਸਮਾਜ ਦੀ ਭਲਾਈ ਨੂੰ ਅੱਗੇ ਰੱਖ ਕੇ ਕਰਨੇ ਚਾਹੀਦੇ ਹਨ ਨਾ ਕਿ ਜਾਤੀ ਫਾਇਦਿਆਂ ਨੂੰ ਅੱਗੇ ਰੱਖ ਕੇ। ਇਸ ਦਾ ਨਤੀਜਾ ਇਹ ਹੈ ਕਿ ਜਿੱਥੇ ਨਗਰ ਕੀਰਤਨਾਂ ਸਮੇਂ ਲੱਖਾਂ ਲੋਕ ਇਕੱਠੇ ਹੋ ਜਾਂਦੇ ਹਨ ਉੱਥੇ ਲੋਕਾਂ ਵਲੋਂ ਚਲਾਏ ਜਾਂਦੇ ਘੋਲਾਂ, ਭਾਵੇਂ ਉਹ ਨਸਲਵਾਦ ਤੇ ਜੰਗ ਦਾ ਵਿਰੋਧ ਹੋਵੇ ਤੇ ਭਾਵੇਂ ਵਾਤਾਵਰਨ ਦੀ ਰੱਖਿਆ, ਉੱਥੇ ਸਾਡੇ ਲੋਕਾਂ ਵਿੱਚੋਂ ਕੱਲਾ ਕਹਿਰਾ ਬੰਦਾ ਹੀ ਪਹੁੰਚਦਾ ਹੈ।
ਸਵਾਲ: ਆਸਤਿਕ ਜਾਂ ਨਾਸਤਿਕ ਹੋਣਾ ਹਰ ਕਿਸੇ ਦਾ ਇਕ ਜਾਤੀ ਮਾਮਲਾ ਹੈ ਤੁਸੀਂ ਇਸ ਨੂੰ ਸ਼ਰੇਆਮ ਕਿਉਂ ਲੋਕਾਂ ਵਿੱਚ ਵਿਚਾਰਨਾ ਚਾਹੁੰਦੇ ਹੋ?
ਜਵਾਬ: ਵਿਅਕਤੀ ਦੀ ਪੱਧਰ ’ਤੇ ਇਹ ਸੰਭਵ ਹੈ ਕਿ ਰੱਬ ਵਿੱਚ ਯਕੀਨ ਵਿਅਕਤੀ ਨੂੰ ਔਖੀਆਂ ਘੜੀਆਂ ਦੌਰਾਨ ਰਾਹਤ ਦਾ ਅਹਿਸਾਸ ਕਰਵਾਉਂਦਾ ਹੋਵੇ। ਕੋਈ ਵੀ ਵਿਅਕਤੀ ਆਪਣੇ ਜੀਵਨ ਵਾਸਤੇ ਸੇਧ ਤੇ ਸ਼ਕਤੀ ਕਿਸੇ ਥਾਂ ਤੋਂ ਵੀ ਲਵੇ ਇਹ ਉਸਦੀ ਵਿਅਕਤੀਗੱਤ ਚੋਣ ਹੈ। ਸੋ ਮੈਂ ਉਨ੍ਹਾਂ ਦੇ ਇਸ ਹੱਕ ਦੀ ਕਦਰ ਕਰਦਾ ਹਾਂ ਪਰ ਆਸ ਕਰਦਾ ਹਾਂ ਕਿ ਉਹ ਮੇਰੇ ਵੱਖਰੇ ਵਿਚਾਰ ਰੱਖਣ ਦੇ ਹੱਕ ਦੀ ਵੀ ਕਦਰ ਕਰਨ। ਨਾਲ ਹੀ ਮੈਂ ਨਾਸਤਿਕਤਾ ਬਾਰੇ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ ਜੋ ਮੈਂ ਜਾਂ ਦੂਜੇ ਨਾਸਤਿਕ ਲੋਕ ਮਹਿਸੂਸ ਕਰਦੇ ਹਨ ਕਿ ਨਾਸਤਿਕ ਹੋਣ ਨਾਲ ਉਨ੍ਹਾਂ ਦੇ ਜੀਵਨ ਵਿੱਚ ਕੀ ਫਰਕ ਪਿਆ ਹੈ ਤੇ ਉਹ ਕਿਸ ਤਰ੍ਹਾਂ ਜੀਵਨ ਨੂੰ ਦੇਖਦੇ ਮਾਣਦੇ ਹਨ। ਨਾਸਤਿਕ ਹੋਣਾ ਸੱਚਮੁੱਚ ਆਜ਼ਾਦ ਹੋਣਾ ਹੈ। ਇਹ ਆਜ਼ਾਦੀ ਤੁਸੀਂ ਸਿਰਫ ਨਾਸਤਿਕ ਸੋਚ ਅਪਣਾ ਕੇ ਹੀ ਮਹਿਸੂਸ ਕਰ ਸਕਦੇ ਹੋ। ਆਲ਼ੇ ਦੁਆਲ਼ੇ ਦੀ ਕੁਦਰਤ, ਧਰਤੀ, ਅਸਮਾਨ, ਤਾਰੇ ਸਿਤਾਰੇ, ਦੁਨੀਆਂ ਦੇ ਲੋਕ, ਗੱਲ ਕੀ ਹਰ ਸ਼ੈਅ ਵਲ ਹੀ ਤੁਹਾਡਾ ਨਜ਼ਰੀਆ ਬਦਲ ਜਾਂਦਾ ਹੈ ਤੇ ਤੁਸੀਂ ਇਕ ਬਿਲਕੁਲ ਵੱਖਰੇ ਤਰੀਕੇ ਸਾਰੀ ਕਾਇਨਾਤ ਨਾਲ ਜੁੜੇ ਮਹਿਸੂਸ ਕਰਦੇ ਹੋ। ਨਾ ਤੁਹਾਨੂੰ ਕਿਸੇ ਪਿਛਲੇ ਜਨਮ ’ਚ ਕੀਤੇ ਮਾੜੇ ਕੰਮਾਂ ਦਾ ਡਰ ਰਹਿੰਦਾ ਹੈ ਤੇ ਨਾ ਸਵਰਗ ਨਰਕ ਦਾ ਡਰ। ਤੁਸੀਂ ਸੱਚ ਮੁੱਚ ਇਸ ਧਰਤੀ ’ਤੇ ਇਸ ਧਰਤੀ ਦੇ ਹੋ ਕੇ ਜੀਉਂਦੇ ਮਹਿਸੂਸ ਕਰਦੇ ਹੋ। ਮਨੁੱਖਤਾ ਬਾਰੇ ਚੰਗੀ ਸੋਚ ਰੱਖਣ ਵਾਲੇ ਆਸਤਿਕ ਲੋਕਾਂ ਲਈ ਵੀ ਉਨ੍ਹਾਂ ਦੇ ਧਰਮ ਤੇ ਦੂਜੇ ਧਰਮਾਂ ਦੇ ਲੋਕਾਂ ਦਰਮਿਆਨ ਇੱਕ ਹੱਦ ਹੁੰਦੀ ਹੈ ਨਾਸਤਿਕ ਲੋਕਾਂ ਦੀ ਨਜ਼ਰ ਵਿੱਚ ਇਹੋ ਜਿਹੀ ਕੋਈ ਹੱਦ ਨਹੀਂ ਹੁੰਦੀ। ਉਹ ਸਮੁੱਚੀ ਮਨੁੱਖਤਾ ਨੂੰ ਹੀ ਸਹੀ ਅਰਥਾਂ ਵਿੱਚ ਕਲਾਵੇ ਵਿੱਚ ਲੈਣ ਯੋਗ ਹੁੰਦੇ ਹਨ।
ਹਾਂ, ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਰੱਬ ਜਾਂ ਧਰਮ ਵਿੱਚ ਵਿਸ਼ਵਾਸ ਹਰ ਕਿਸੇ ਦਾ ਜਾਤੀ ਮਾਮਲਾ ਹੈ ਅਤੇ ਕਿਸੇ ਨੂੰ ਉਸ ਵਿੱਚ ਦਖਲਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ। ਹਰ ਸਮਾਜ ਅੰਦਰ ਕੁਝ ਲੋਕ ਹੁੰਦੇ ਹਨ ਜੋ ਆਪਣੇ ਵਿਸ਼ਵਾਸ ਨੂੰ ਆਪਣੇ ਤੱਕ ਸੀਮਤ ਰੱਖਦੇ ਹਨ ਜਾਂ ਰੱਖ ਸਕਦੇ ਹਨ ਅਤੇ ਜੇ ਇਸ ਮਾਮਲੇ ਨੂੰ ਸੱਚਮੁੱਚ ਜਾਤੀ ਪੱਧਰ ਉੱਤੇ ਰਹਿਣ ਦਿੱਤਾ ਜਾਵੇ ਤਾਂ ਮੈਨੂੰ ਵੀ ਇਸ ਨਾਲ ਕੋਈ ਸਮੱਸਿਆ ਨਹੀਂ, ਸਗੋਂ ਖੁਸ਼ੀ ਹੋਵੇਗੀ। ਪਰ ਅਸਲੀਅਤ ਇਹ ਹੈ ਕਿ ਇਸ ਨੂੰ ਕਦੇ ਵੀ ਜਾਤੀ ਪੱਧਰ ਤੱਕ ਸੀਮਤ ਰਹਿਣ ਨਹੀਂ ਦਿੱਤਾ ਜਾਂਦਾ ਅਤੇ ਵੱਡੀ ਗਿਣਤੀ ਲੋਕਾਂ ਦਾ ਵਿਸ਼ਵਾਸ ਇਕ ਸਮੂਹ ਦਾ ਹਿੱਸਾ ਹੁੰਦਾ ਹੈ। ਤੇ ਉਸ ਵਿਸ਼ਵਾਸੀ ਸਮੂਹ ਨੂੰ ਚਲਾਉਣ ਵਾਲ਼ੇ ਕੁਝ ਲੋਕ ਜਾਂ ਸੰਸਥਾਵਾਂ ਹੁੰਦੀਆਂ ਹਨ ਅਤੇ ਨਤੀਜੇ ਵਜੋਂ ਕੇਂਦਰ ਵਿੱਚ ਵਿਅਕਤੀ ਨਹੀਂ ਸਗੋਂ ਸਮੂਹ ਆ ਜਾਂਦਾ ਹੈ। ਤੇ ਉਸ ਸਮੂਹ ਨੂੰ ਚਲਦਾ ਰੱਖਣ ਲਈ ਅਤੇ ਉਸ ਕਿਸਮ ਦੇ ਦੂਜੇ ਸਮੂਹਾਂ ਦੇ ਮੁਕਾਬਲੇ ਵਧੀਆ ਬਣਾਉਣ ਲਈ ਇਕ ਵੱਖਰੀ ਕਿਸਮ ਦੇ ਢਾਂਚੇ ਦੀ ਲੋੜ ਹੁੰਦੀ ਹੈ ਜਿਸ ਵਿੱਚ ਵਿਅਕਤੀ ਦੀਆਂ ਨਹੀਂ ਸਗੋਂ ਉਸ ਸਮੂਹ ਦੀਆਂ ਲੋੜਾਂ ਮੁੱਖ ਹੁੰਦੀਆਂ ਹਨ। ਅਤੇ ਅਸੀਂ ਦੇਖਦੇ ਹਾਂ ਕਿ ਥੋੜ੍ਹੇ ਬਹੁਤੇ ਫਰਕ ਨਾਲ ਤਕਰੀਬਨ ਹਰ ਜਗ੍ਹਾ ਵਿਸ਼ਵਾਸ ਵਾਲ਼ੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਧਾਰਮਿਕ ਸਮੂਹ ਨੂੰ ਵਧਾਉਣ ਦੇ ਯਤਨਾਂ ਵਜੋਂ ਆਪਣੇ ਧਰਮ ਦਾ ਸੁਨੇਹਾ ਹਰ ਵੇਲੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਸ਼ ਵਿੱਚ ਰਹਿੰਦੇ ਹਨ। ਉਦਾਹਰਨ ਵਜੋਂ, ਪੰਜਾਬ ਦੇ ਛੋਟੇ ਛੋਟੇ ਪਿੰਡਾਂ ਵਿੱਚ ਵੀ, ਦਿਨ ਚੜ੍ਹਨ ਤੋਂ ਪਹਿਲਾਂ ਹੀ, ਇਕ ਤੋਂ ਵੱਧ ਗੁਰਦਵਾਰਿਆਂ ਉੱਪਰ ਲੱਗੇ ਸਪੀਕਰ ਤੁਹਾਨੂੰ ਪ੍ਰਮਾਤਮਾ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹਨ। ਸਾਡੇ ਏਥੇ ਵੈਨਕੂਵਰ ਦੇ ਆਸ ਪਾਸ ਸਵੇਰੇ ਸਵੇਰੇ ਕੋਈ ਪੰਜਾਬੀ ਰੇਡੀਓ ਜਾਂ ਟੀ ਵੀ ਲਾ ਕੇ ਸੁਣੋ/ਦੇਖੋ ਉਸ ਉੱਪਰ ਕਿਸੇ ਨਾ ਕਿਸੇ ਤਰੀਕੇ ਪ੍ਰਮਾਤਮਾ ਦਾ ਹੀ ਗੁਣਗਾਣ ਹੋ ਰਿਹਾ ਹੋਵੇਗਾ। ਏਥੋਂ ਦੀ ਕੋਈ ਪੰਜਾਬੀ ਅਖਬਾਰ ਚੁੱਕ ਲਵੋ ਉਸ ਵਿੱਚ ਬਹੁਤ ਕੁਝ ਧਰਮ ਬਾਰੇ ਦੇਖਣ ਪੜ੍ਹਨ ਨੂੰ ਮਿਲੇਗਾ ਜੋ ਸਮਾਜ ਦੇ ਦੂਜੇ ਮਸਲਿਆਂ ਨਾਲੋਂ ਕਿਤੇ ਵੱਧ ਅਨੁਪਾਤ ਵਿੱਚ ਹੋਵੇਗਾ।
ਜੀਵਨ ਨੂੰ ਚਲਦਾ ਰੱਖਣ ਲਈ ਅਤੇ ਆਪਣੀ ਸੁਰੱਖਿਆ ਵਜੋਂ ਹਰ ਇਨਸਾਨ ਵਾਸਤੇ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਜੀਵਨ ਦੇ ਮੁੱਢਲੇ ਸਮੇਂ ਉਹਨੂੰ ਜਨਮ ਦੇਣ ਤੇ ਪਾਲਣ ਵਾਲ਼ਿਆਂ ਦੀਆਂ ਗੱਲਾਂ ਉੱਤੇ ਬਿਨਾਂ ਕੋਈ ਕਿੰਤੂ ਕੀਤਿਆਂ ਵਿਸ਼ਵਾਸ ਕਰੇ। ਇਸ ਤਰ੍ਹਾਂ ਜਿਸ ਵੀ ਸਭਿਆਚਾਰ ਵਿੱਚ ਉਹ ਪੈਦਾ ਹੁੰਦਾ ਜਾਂ ਹੁੰਦੀ ਹੈ ਉਹ ਉਥੋਂ ਦੀ ਬੋਲੀ, ਰਸਮੋ ਰਿਵਾਜ ਸਿੱਖਦਾ ਹੈ ਜਿਸ ਵਿੱਚ ਧਾਰਮਿਕ ਸਿੱਖਿਆ ਵੀ ਸ਼ਾਮਲ ਹੁੰਦੀ ਹੈ। ਭਾਵੇਂ ਅਸਲੀਅਤ ਇਹ ਹੈ ਕਿ ਹਰ ਇਨਸਾਨ ਜੰਮਣ ਵੇਲੇ ਕਿਸੇ ਕਿਸਮ ਦੀ ਵੀ ਸੂਝ, ਸਣੇ ਧਾਰਮਿਕ ਸੂਝ ਦੇ, ਲੈ ਕੇ ਪੈਦਾ ਨਹੀਂ ਹੁੰਦਾ, ਦੂਜੇ ਸ਼ਬਦਾਂ ਵਿੱਚ ਇਸ ਪੱਖੋਂ ਉਹ ਨਾਸਤਿਕ ਹੁੰਦਾ ਹੈ ਪਰ ਬਚਪਨ ਵਿੱਚ ਮਿਲ਼ੀ ਸਿੱਖਿਆ ਦੇ ਨਤੀਜੇ ਵਜੋਂ ਹਰ ਕਿਸੇ ਨੂੰ ਅਚੇਤਨ ਹੀ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਹਰ ਵਿਅਕਤੀ ਧਾਰਮਿਕ ਹੀ ਪੈਦਾ ਹੁੰਦਾ ਹੈ ਤੇ ਧਰਮ ਨੂੰ ਮੰਨਣਾ ਇਨਸਾਨ ਹੋਣ ਦਾ ਮੁੱਢਲਾ ਕੁਦਰਤੀ ਵਰਤਾਰਾ ਹੈ। ਨਤੀਜੇ ਵਜੋਂ ਇਹ ਮਾਹੌਲ ਆਸਤਿਕ ਨੂੰ (ਜੋ ਸਿੱਖਿਆ ’ਚ ਮਿਲ਼ੀ ਆਪਣੀ ਸ਼ਰਧਾ ਕਾਰਨ ਇਸ ਉੱਤੇ ਕਦੇ ਕਿੰਤੂ ਨਹੀਂ ਕਰਦਾ) ਬਿਲਕੁਲ ‘ਕੁਦਰਤੀ’ ਜਾਪਦਾ ਹੈ ਜਦ ਕਿ ਨਾਸਤਿਕ ਵਿਅਕਤੀ (ਜਿਸ ਨੇ ਆਪਣੇ ਜੀਵਨ ਦੇ ਤਜਰਬੇ ਦੇ ਆਧਾਰ ਉੱਤੇ ਸ਼ਰਧਾ ਤੋਂ ਪਾਸਾ ਵੱਟ ਲਿਆ ਹੁੰਦਾ ਹੈ ਤੇ ਵਿਸ਼ਵਾਸ ਉੱਤੇ ਕਿੰਤੂ ਕਰਦਾ ਹੈ) ਲਈ ਇਹ ਵਰਤਾਰਾ ਕੁਦਰਤੀ ਨਹੀਂ ਸਗੋਂ ਆਸਤਿਕਾਂ ਵਲੋਂ ਹਰ ਸੰਭਵ ਕੋਸ਼ਸ਼ ਨਾਲ ਕਾਇਮ ਕੀਤਾ ਤੇ ਕਾਇਮ ਰੱਖਿਆ ਜਾ ਰਿਹਾ ਵਰਤਾਰਾ ਹੈ। ਇਹ ਗੱਲ ਠੀਕ ਹੈ ਕਿ ਧਾਰਮਿਕ ਵਿਸ਼ਵਾਸ ਵਿਅਕਤੀ ਦੀ ਪੱਧਰ ਉੱਤੇ ਵਿਸ਼ਵਾਸੀ ਲਈ ਸ਼ਾਂਤੀ ਦਾ ਸੋਮਾ ਹੁੰਦਾ ਹੈ ਤੇ ਸਮਾਜਿਕ ਪੱਧਰ ਉੱਤੇ ਵੀ ਉਹਦੇ ਲਈ ਉਹਦੇ ਵਿਸ਼ਵਾਸ ਵਾਲ਼ੇ ਦੂਜੇ ਲੋਕਾਂ ਨਾਲ ਮਿਲਣ ਜੁਲਣ ਦੇ ਹਾਲਾਤ ਤੇ ਮੌਕੇ ਪੈਦਾ ਕਰਦਾ ਹੈ ਅਤੇ ਉਹਨੂੰ ਮਾਨਸਿਕ ਤਸੱਲੀ ਅਤੇ ਸ਼ਕਤੀ ਦਿੰਦਾ ਹੈ। ਪਰ ਇਹ ਇਕ ਵਿਸ਼ਵਾਸ ਵਾਲ਼ੇ ਲੋਕਾਂ ਵਿੱਚ ਤਾਂ ਕੁਝ ਹੱਦ ਤੱਕ ਨੇੜਤਾ ਪੈਦਾ ਕਰਦਾ ਹੈ ਜਦ ਕਿ ਦੁਨੀਆ ਦੇ ਬਾਕੀ ਇਨਸਾਨਾਂ ਤੋਂ ਉਸ ਨੂੰ ਤੋੜ ਦਿੰਦਾ ਹੈ ਜੋ ਕਿ ਗੈਰ-ਕੁਦਰਤੀ ਹੈ ਤੇ ਇਨਸਾਨੀਅਤ ਲਈ ਨੁਕਸਾਨਦੇਹ ਵੀ। ਹਰ ਧਰਮ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੱਲ ਨਿਗਾਹ ਮਾਰਿਆਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਧਰਮ ਸਮਾਜਾਂ ਲਈ ਇਕ ਨੁਕਸਾਨਦੇਹ ਵਤੀਰਾ ਰਿਹਾ ਹੈ। ਸੋ ਇਕ ਨਾਸਤਿਕ ਵਿਅਕਤੀ ਵਾਸਤੇ ਇਸ ਗੈਰ-ਕੁਦਰਤੀ ਵਰਤਾਰੇ ਨੂੰ ਘਟਾਉਣ ਜਾਂ ਹਟਾਉਣ ਦੀ ਖਾਹਿਸ਼ ਵਿੱਚੋਂ ਪੈਦਾ ਹੁੰਦੀ ਹੈ ਇਸ ਬਾਰੇ ਗੱਲਬਾਤ ਚਲਾਉਣ ਦੀ ਲੋੜ। ਮੈਂ ਕਾਫੀ ਕੁਝ ਪੜ੍ਹ ਵਿਚਾਰ ਕੇ ਹੌਲ਼ੀ ਹੌਲ਼ੀ ਬਣਿਆਂ ਨਾਸਤਿਕ ਹਾਂ ਤੇ ਸਮੇਂ ਤੇ ਉਮਰ ਦੇ ਨਾਲ ਨਾਲ ਮੇਰੇ ਇਹ ਵਿਚਾਰ ਪੱਕੇ ਹੁੰਦੇ ਗਏ ਹਨ। ਮੇਰੀ ਖਾਹਿਸ਼ ਹੈ ਕਿ ਮੇਰੇ ਭਾਈਚਾਰੇ ਦੇ ਹੋਰ ਲੋਕ ਵੀ ਸਮਾਂ ਵਿਹਾ ਚੁੱਕੇ ਇਨ੍ਹਾਂ ਵਿਸ਼ਵਾਸਾਂ ਨੂੰ ਛੱਡਣ ਤੇ ਸਾਫ ਸੁਥਰੀ ਸੋਚ ਅਪਨਾਉਣ ਤੇ ਸਮਾਜ ਨੂੰ ਪਿਛਲੀਆਂ ਸਦੀਆਂ ਵਿੱਚੋਂ ਕੱਢ ਕੇ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ।
ਸਵਾਲ: ਕੀ ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਬਹਿਸ ਕਰਨ ਦਾ ਕੋਈ ਫਾਇਦਾ ਵੀ ਹੈ, ਜਾਂ ਇਸ ਵਿੱਚ ਕੋਈ ਸਾਰਥਿਕਤਾ ਵੀ ਹੈ?
ਜਵਾਬ: ਹਾਂ, ਮੇਰੇ ਖਿਆਲ ਵਿੱਚ ਹੈ। ਦੁਨੀਆ ਭਰ ਵਿੱਚ ਹਰ ਇਨਸਾਨ ਦਾ ਕਿਸੇ ਨਾ ਕਿਸੇ ਅਦਿੱਖ ਸ਼ਕਤੀ ਵਿੱਚ ਵਿਸ਼ਵਾਸ ਦਾ ਮੁੱਖ ਕਾਰਨ ਉਸ ਨੂੰ ਉਸ ਦੇ ਬਚਪਨ ਵਿੱਚ ਉਸ ਦੇ ਮਾਪਿਆਂ ਅਤੇ ਉਸ ਦੇ ਚੌਗਿਰਦੇ ਤੋਂ ਮਿਲੀ ਜਾਣਕਾਰੀ ਤੇ ਸਿੱਖਿਆ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਵਿਅਕਤੀ ਉਸ ਹੀ ਧਰਮ ਜਾਂ ਵਿਸ਼ਵਾਸ ਦਾ ਧਾਰਨੀ ਹੁੰਦਾ ਹੈ ਜਿਸ ਦੇ ਧਾਰਨੀ ਉਸ ਦੇ ਮਾਪੇ ਹੁੰਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਲੋਕ ਅਜੋਕੇ ਸਮੇਂ ਵਿੱਚ ਨਾਸਤਿਕ ਹਨ ਜਾਂ ਕਿਸੇ ਕਿਸਮ ਦੀ ਅਣਦਿਸਦੀ ਸ਼ਕਤੀ ਵਿੱਚ ਯਕੀਨ ਨਹੀਂ ਕਰਦੇ ਉਹ ਜੀਵਨ ਵਿੱਚ ਕਿਸੇ ਨਾ ਕਿਸੇ ਪੜਾਅ ’ਤੇ ਕਿਸੇ ਹੋਰ ਦੀਆਂ ਗੱਲਾਂ ਜਾਂ ਲਿਖਤਾਂ ਤੋਂ ਪ੍ਰਭਾਵਤ ਹੋਏ ਹੋਣਗੇ ਤੇ ਆਪਣੇ ਬਚਪਨ ਵਿੱਚ ਸਿੱਖੇ ਵਿਸ਼ਵਾਸ ਕਰਨ ਦੇ ਰਾਹ ਤੋਂ ਪਾਸੇ ਹੋ ਕੇ ਖੁਦ ਸਵਾਲ ਕਰਨ ਤੇ ਜਾਨਣ ਦੇ ਰਾਹ ਪਏ ਹੋਣਗੇ। ਜੇ ਉਨ੍ਹਾਂ ਦੇ ਆਸੇ ਪਾਸੇ ਇਸ ਕਿਸਮ ਦੀ ਗੱਲਬਾਤ ਨਾ ਚਲਦੀ ਹੁੰਦੀ ਤਾਂ ਸੰਭਵ ਹੈ ਕਿ ਉਹ ਅਜੇ ਵੀ ਜੋ ਕੁਝ ਉਨ੍ਹਾਂ ਨੇ ਸਿੱਖਿਆ ਸੀ ਉਸੇ ’ਤੇ ਹੀ ਵਿਸ਼ਵਾਸ ਕਰਦੇ ਰਹਿੰਦੇ। ਇਹ ਗੱਲ ਵੀ ਉਨੀ ਹੀ ਸਹੀ ਹੈ ਕਿ ਆਸੇ ਪਾਸੇ ਦੇ ਨਵੇਂ ਵਿਚਾਰਾਂ ਦਾ ਅਸਰ ਹਰ ਕਿਸੇ ’ਤੇ ਨਹੀਂ ਹੁੰਦਾ ਜਾਂ ਇਕੋ ਜਿਹਾ ਨਹੀਂ ਹੁੰਦਾ ਤੇ ਹੁੰਦਾ ਵੀ ਬਹੁਤ ਘੱਟ ਲੋਕਾਂ ’ਤੇ ਹੈ। ਪਰ ਮੇਰਾ ਮੰਨਣਾ ਹੈ ਕਿ ਜੇ ਇਸ ਕਿਸਮ ਦੇ ਵਿਚਾਰ ਵਟਾਂਦਰੇ ਨਾਲ ਕਿਸੇ ਵੀ ਵਿਸ਼ਵਾਸੀ ਦਾ ਮਨ ਨਾ ਵੀ ਬਦਲਿਆ ਜਾ ਸਕਦਾ ਹੋਵੇ ਫੇਰ ਵੀ ਇਸ ਦਾ ਅਸਲੀ ਫਾਇਦਾ ਇਹ ਵਿਚਾਰ ਕਰਨ ਵਾਲ਼ੇ ਨੂੰ ਹੋਵੇਗਾ ਕਿ ਉਹ ਆਪਣੇ ਖਿਆਲਾਂ ਨੂੰ ਹੋਰ ਸਫਾਈ ਤੇ ਪੱਕਿਆਈ ਨਾਲ ਕਹਿਣ ਤੇ ਦਰਸਾਉਣ ਵਿੱਚ ਮੁਹਾਰਤ ਹਾਸਿਲ ਕਰੇਗਾ। ਨਾਲ ਹੀ ਇਹ ਵੀ ਸੰਭਵ ਹੈ ਕਿ ਤੁਹਾਡੀ ਗੱਲਬਾਤ ਸੁਣਨ ਵਾਲ਼ਿਆਂ ਵਿੱਚ ਕੁਝ ਉਹ ਲੋਕ ਵੀ ਹੋਣ ਜੋ ਖੁਦ ਵੀ ਇਸ ਕਿਸਮ ਦੇ ਸਵਾਲਾਂ ਨਾਲ ਅੰਦਰੋਂ ਦੋ ਚਾਰ ਹੋ ਰਹੇ ਹੋਣ ਪਰ ਉਨ੍ਹਾਂ ਨੂੰ ਕੋਈ ਜਾਤੀ ਤਜਰਬਾ ਨਾ ਹੋਣ ਕਾਰਨ ਉਹ ਆਪਣੇ ਸਵਾਲਾਂ ਦੇ ਸਹੀ ਜਵਾਬ ਨਾ ਭਾਲ਼ ਸਕਦੇ ਹੋਣ ਜਾਂ ਉਨ੍ਹਾਂ ਅੰਦਰ ਅਜੇ ਏਨਾ ਹੌਸਲਾ ਨਾ ਪੈਦਾ ਹੋਇਆ ਹੋਵੇ। ਅਕਸਰ ਨੂੰ ਆਪਣੇ ਜੀਵਨ ਦੇ ਕਿਸੇ ਵੀ ਪੜਾਅ ’ਤੇ ਬੰਦੇ ਲਈ ਆਪਣੇ ਪਹਿਲਾਂ ਅਪਣਾਏ ਤੌਰ ਤਰੀਕੇ ਤੇ ਸੋਚਣ ਦਾ ਢੰਗ ਛੱਡ ਕੇ ਕੋਈ ਨਵਾਂ ਰਾਹ ਅਪਨਾਉਣਾ ਕਦੇ ਵੀ ਸੁਖਾਲੀ ਗੱਲ ਨਹੀਂ ਹੋ ਸਕਦੀ। ਇਸ ਸਬੰਧ ਵਿੱਚ ਇਕ ਹੋਰ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਭਾਈਚਾਰੇ ਵਿੱਚ ਨਾਸਤਿਕਤਾ ਬਾਰੇ ਬਹੁਤੀ ਗੱਲਬਾਤ ਆਸਤਿਕ ਲੋਕਾਂ ਵਲੋਂ ਚਲਾਈ ਜਾਂਦੀ ਹੈ। ਇਕ ਤਾਂ ਉਹ ਗੱਲਬਾਤ ਹੁੰਦੀ ਹੀ ਨਾਂਹਪੱਖੀ ਹੈ ਤੇ ਦੂਜੀ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਵਾਲ਼ੇ ਨੂੰ ਨਾਸਤਿਕਤਾ ਬਾਰੇ ਸਹੀ ਗਿਆਨ ਵੀ ਨਹੀਂ ਹੁੰਦਾ। ਇਸ ਲਈ ਇਹ ਜ਼ਰੂਰੀ ਹੈ ਕਿ ਨਾਸਤਿਕਤਾ ਬਾਰੇ ਸਹੀ, ਹਾਂ-ਪੱਖੀ ਵਿਚਾਰ ਪੂਰੀ ਗੰਭੀਰਤਾ ਨਾਲ ਸਾਹਮਣੇ ਲਿਆਂਦੇ ਜਾਣ। ਇਸ ਤੱਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪੰਜਾਬੀਆਂ ਦਰਮਿਆਨ ਬਹੁਤੀ ਵਾਰੀ ਆਮ ਗੱਲਬਾਤ ਅਕਸਰ ਫਜੂਲ ਗੱਲਾਂ ਬਾਰੇ ਜ਼ਿਆਦਾ ਹੁੰਦੀ ਰਹਿੰਦੀ ਹੈ। ਬਹੁਤੀ ਵਾਰੀ ਤਾਂ ਗੱਲਬਾਤ ਦਾ ਅਸਲੀ ਮਕਸਦ ਹੀ ਵਕਤ ਲੰਘਾਉਣਾ ਹੁੰਦਾ ਹੈ। ਜੇ ਅਜਿਹੇ ਲੋਕਾਂ ਵਿੱਚ ਇਸ ਕਿਸਮ ਦੀ ਸਾਰਥਿਕ ਗੱਲਬਾਤ ਚਲਾਈ ਜਾਵੇ ਤਾਂ ਇਸ ਦਾ ਨੁਕਸਾਨ ਨਹੀਂ ਸਗੋਂ ਫਾਇਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਹਾਂ ਇਹ ਗੱਲ ਯਾਦ ਰੱਖਣੀ ਨਿਹਾਇਤ ਜ਼ਰੂਰੀ ਹੈ ਕਿ ਇਨ੍ਹਾਂ ਬਹਿਸਾਂ ਦੌਰਾਨ ਕਿਸੇ ਨੂੰ ਬੇਲੋੜਾ ਦੁੱਖ ਨਾ ਪਹੁੰਚਾਇਆ ਜਾਵੇ ਤੇ ਹਮੇਸ਼ਾ ਸਤਿਕਾਰ ਕਾਇਮ ਰੱਖਿਆ ਜਾਵੇ।
ਸਵਾਲ: ਤੁਸੀਂ ਮਾਰਕਸਵਾਦੀ ਵਿਚਾਰਧਾਰਾ ਨਾਲ ਵੀ ਨੇੜਤਾ ਰੱਖਦੇ ਹੋ, ਕੀ ਤੁਹਾਡੇ ਨਾਸਤਿਕ ਬਣਨ ਵਿੱਚ ਇਸ ਵਿਚਾਰਧਾਰਾ ਦਾ ਵੀ ਹੱਥ ਹੈ?
ਜਵਾਬ: ਹਾਂ ਇਹ ਸਹੀ ਹੈ ਕਿ ਮੇਰੇ ਵਿਚਾਰਾਂ ਨੂੰ ਸੇਧ ਦੇਣ ਵਿੱਚ ਮਾਰਕਸਵਾਦੀ ਵਿਚਾਰਧਾਰਾ ਦਾ ਸਿੱਧਾ ਅਸਰ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਅਜੋਕੇ ਸਮੇਂ ਸਮਾਜ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਅਤੇ ਖਾਸ ਕਰ ਜੇ ਸਮਝਣ ਪਿੱਛੇ ਮਕਸਦ ਸਮਾਜ ਨੂੰ ਹਰ ਕਿਸੇ ਲਈ ਬਰਾਬਰਤਾ ਵਾਲ਼ਾ ਅਤੇ ਬੇਹਤਰ ਬਣਾਉਣ ਦਾ ਹੋਵੇ ਤਾਂ ਮਾਰਕਸਵਾਦੀ ਨਜ਼ਰੀਆ ਸਭ ਤੋਂ ਵੱਧ ਸਹਾਈ ਹੁੰਦਾ ਹੈ। ਪਰ ਜਿੱਥੋਂ ਤੱਕ ਮੇਰੀ ਨਾਸਤਿਕਤਾ ਦਾ ਸਬੰਧ ਹੈ ਇਹ ਮਾਰਕਸਵਾਦ ਤੋਂ ਵੀ ਪ੍ਰਭਾਵਿਤ ਹੈ ਤੇ ਨਾਲ ਹੀ ਪਿਛਲੇ ਡੇੜ ਦੋ ਦਹਾਕਿਆਂ ਦੌਰਾਨ ਪੱਛਮ ਵਿੱਚ ਚੱਲੀ ਨਵ-ਨਾਸਤਿਕ ਲਹਿਰ ਦਾ ਵੀ ਮੇਰੇ ਉੱਤੇ ਅਸਰ ਹੈ। ਨਾਸਤਿਕ ਨਜ਼ਰੀਏ ਦੀ ਸਾਂਝ ਦੇ ਬਾਵਜੂਦ ਇਨ੍ਹਾਂ ਦੋਵਾਂ ਪਹੁੰਚਾਂ ਵਿੱਚ ਬਹੁਤ ਫਰਕ ਹੈ ਅਤੇ ਨਾਸਤਿਕਤਾ ਦੀ ਇਸ ਨਵੀਂ ਲਹਿਰ ਦੀ ਮਾਰਕਸਵਾਦੀਆਂ ਵਲੋਂ ਕਾਫੀ ਆਲੋਚਨਾ ਵੀ ਹੋਈ ਹੈ। ਇਸ ਨਾਲ ਮੇਰੇ ਲਈ ਵੀ ਇਕ ਸਮੱਸਿਆ ਪੈਦਾ ਹੋਈ ਹੈ। ਉਹ ਹੈ ਕਿ ਮੈਂ ਮਾਰਕਸ ਦੀ ਇਸ ਧਾਰਨਾ ਨਾਲ ਪੂਰੀ ਤਰ੍ਹਾਂ ਸਹਿਮਤੀ ਰੱਖਦਾ ਹਾਂ ਕਿ ਹਰ ਵਿਅਕਤੀ ਦਾ ਜੀਵਨ ਉਸ ਦੇ ਸਮਾਜ ਦੀਆਂ ਹਾਲਤਾਂ ਉੱਤੇ ਨਿਰਭਰ ਕਰਦਾ ਹੈ। ਗਰੀਬ ਵਿਅਕਤੀ ਜੋ ਇਕ ਨਾਬਰਾਬਰਤਾ ਵਾਲ਼ੇ ਸਮਾਜ ਵਿੱਚ ਹਰ ਕਿਸਮ ਦੀਆਂ ਤੰਗੀਆਂ ਤੁਰਸ਼ੀਆਂ ਵਿੱਚ ਜੀਅ ਰਿਹਾ ਹੋਵੇ, ਜਿਸ ਕੋਲ ਜੀਵਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੀ ਵੀ ਯੋਗਤਾ ਨਾ ਹੋਵੇ, ਉਸ ਲਈ ਉਸ ਦਾ ਵਿਸ਼ਵਾਸ ਔਖੇ ਸਮੇਂ ਸਹਾਈ ਹੁੰਦਾ ਹੈ। ਤੇ ਮਾਰਕਸ ਦਾ ਕਹਿਣਾ ਹੈ ਕਿ ਉਸ ਗਰੀਬ ਤੇ ਬੇਬੱਸ ਵਿਅਕਤੀ ਕੋਲੋਂ ਉਸ ਦਾ ਇਹ ਵਿਸ਼ਵਾਸ ਨਾ ਖੋਹਿਆ ਜਾਵੇ ਸਗੋਂ ਉਨ੍ਹਾਂ ਹਾਲਤਾਂ ਨੂੰ ਬਦਲਿਆ ਜਾਵੇ ਜੋ ਉਸ ਦੇ ਇਸ ਵਿਸ਼ਵਾਸ ਲਈ ਜੁੰਮੇਵਾਰ ਹਨ। ਸੋ ਇਸ ਨਜ਼ਰੀਏ ਨਾਲ ਦੇਖਿਆਂ ਸਾਨੂੰ ਬਿਨਾਂ ਲੋਕਾਂ ਦੇ ਵਿਸ਼ਵਾਸ ਬਾਰੇ ਸਵਾਲ ਉਠਾਏ ਉਨ੍ਹਾਂ ਸਥਿਤੀਆਂ ਨੂੰ ਬਦਲਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ ਜਦੋਂ ਬਦਲੀਆਂ ਸਥਿਤੀਆਂ ਵਿੱਚ ਲੋਕਾਂ ਨੂੰ ਇਸ ਆਸਰੇ ਦੀ ਲੋੜ ਨਾ ਰਹੇ। ਆਪਣੀਆਂ ਵੱਖਰੀਆਂ ਵੱਖਰੀਆਂ ਸਰਗਰਮੀਆਂ ਨਾਲ ਲੋਕਾਂ ਦੀਆਂ ਹਾਲਤਾਂ ਨੂੰ ਬਦਲਣ ਦੀਆਂ ਕੋਸ਼ਸ਼ਾਂ ਵਿੱਚ ਲੱਗੇ ਲੋਕ ਅਕਸਰ ਇਹ ਲੋੜੀਂਦੀ ਤੇ ਸਹੀ ਪਹੁੰਚ – ਲੋਕਾਂ ਦੇ ਵਿਸ਼ਵਾਸ ਉੱਤੇ ਕਿੰਤੂ ਨਾ ਕਰਨਾ – ਅਪਣਾਉਂਦੇ ਹਨ ਤੇ ਉਨ੍ਹਾਂ ਦੀ ਇਸ ਪਹੁੰਚ ਉੱਤੇ ਸਵਾਲ ਕਰਨ ਦਾ ਮੇਰਾ ਮਕਸਦ ਜਾਂ ਇਰਾਦਾ ਨਹੀਂ।
ਪਰ ਮੌਜੂਦਾ ਸਮਿਆਂ ਦੌਰਾਨ ਜਿਸ ਹੱਦ ਤੱਕ ਅਤੇ ਜਿਸ ਖੁੱਲ-ਮ-ਖੁੱਲੇ ਤਰੀਕੇ ਨਾਲ ਖਾਸ ਕਰ ਭਾਰਤ ਵਿੱਚ ਸਿਆਸੀ ਤਾਕਤ ਹਥਿਆਉਣ ਦੇ ਇਰਾਦੇ ਨਾਲ ਲੋਕਾਂ ਨੂੰ ਧਰਮਾਂ ਦੇ ਨਾਂ ਉੱਤੇ ਪਾੜਨ ਲਈ ਅਤੇ ਉਨ੍ਹਾਂ ਨੂੰ ਕੁਦਰਤ ਅਤੇ ਸਮਾਜ ਬਾਰੇ ਵਿਗਿਆਨਕ ਜਾਣਕਾਰੀ ਤੋਂ ਦੂਰ ਰੱਖਣ ਲਈ ਵਿਸ਼ਵਾਸ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਸਾਹਮਣੇ ਰੱਖਦਿਆਂ ਰੱਬ ਤੇ ਧਰਮ ਦੇ ਭੁਲੇਖਿਆਂ ਤੋਂ ਪੜਦਾ ਹਟਾਉਣ ਲਈ ਇਸ ਮਸਲੇ ਬਾਰੇ ਜਾਂ ਨਾਸਤਿਕਤਾ ਬਾਰੇ ਗੰਭੀਰ ਵਿਚਾਰ ਵਟਾਂਦਰਾ ਸਮੇਂ ਦੀ ਲੋੜ ਜਾਪਦਾ ਹੈ। ਇਸ ਦਾ ਭਾਵ ਇਹ ਨਹੀਂ ਕਿ ਜੋ ਚੇਤਨ ਵਿਅਕਤੀ ਵੱਖਰੀਆਂ ਵੱਖਰੀਆਂ ਸਰਗਰਮੀਆਂ ਰਾਹੀਂ ਲੋਕਾਂ ਦੇ ਫੌਰੀ ਮਸਲੇ ਹੱਲ ਕਰਨ ਦੀ ਕੋਸ਼ਸ਼ ਕਰ ਰਹੇ ਹਨ ਜਾਂ ਸਮਾਜ ਵਿੱਚ ਤਬਦੀਲੀ ਲਈ ਜੂਝ ਰਹੇ ਹਨ ਉਹ ਆਪਣਾ ਕੰਮ ਛੱਡ ਕੇ ਰੱਬ ਤੇ ਧਰਮ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦੇਣ। ਪਰ ਜੋ ਲੋਕ ਸਮਾਜ ਨੂੰ ਸਮਝਣ ਦੇ ਇਰਾਦੇ ਨਾਲ ਸੋਚਦੇ, ਲਿਖਦੇ, ਪੜ੍ਹਦੇ ਤੇ ਪੜ੍ਹਾਉਂਦੇ ਹਨ ਅਤੇ ਖਾਸ ਕਰ ਉਹ ਜੋ ਸਮਾਜ ਨੂੰ ਬੇਹਤਰ ਬਣਾਉਣ ਦੀ ਖਾਹਿਸ਼ ਵੀ ਰੱਖਦੇ ਹਨ, ਉਨ੍ਹਾਂ ਦੀ ਇਹ ਜੁੰਮੇੇਵਾਰੀ ਹੈ ਜਾਂ ਹੋਣੀ ਚਾਹੀਦੀ ਹੈ ਕਿ ਉਹ ਖੁਦ ਵੀ ਇਨ੍ਹਾਂ ਮਸਲਿਆਂ ਬਾਰੇ ਵਿਗਿਆਨਕ ਸੂਝ ਅਪਨਾਉਣ ਅਤੇ ਵੱਧ ਤੋਂ ਵੱਧ ਲੋਕਾਂ ਵਿੱਚ ਇਹ ਚੇਤਨਾ ਜਗਾਉਣ ਦੀ ਕੋਸ਼ਸ਼ ਕਰਨ। ਇਹ ਤਸੱਲੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਲੋਕ ਤਰਕਸ਼ੀਲ ਵਰਗੀਆਂ ਲਹਿਰਾਂ ਰਾਹੀਂ ਵੀ ਤੇ ਸੋਸ਼ਿਲ ਮੀਡੀਏ ਰਾਹੀਂ ਵੀ ਆਪੋ ਆਪਣੇ ਤਰੀਕੇ ਨਾਲ ਇਸ ਪਾਸੇ ਬਣਦਾ ਯੋਗਦਾਨ ਪਾ ਰਹੇ ਹਨ। ਪਰ ਨਾਲ ਹੀ ਬਹੁਤ ਵੱਡੀ ਗਿਣਤੀ ਅਜਿਹੇ ਪੰਜਾਬੀ ਬੁੱਧੀਜੀਵੀ, ਲੇਖਕ ਤੇ ਵੱਖਰੇ ਵੱਖਰੇ ਖੇਤਰਾਂ ਵਿੱਚ ਸਰਗਰਮ ਕਲਾਕਾਰਾਂ ਦੀ ਹੈ ਜੋ ਖੁਦ ਭਾਵੇਂ ਵਿਸ਼ਵਾਸੀ ਨਾ ਹੋਣ ਪਰ ਆਪਣੀ ਗੱਲਬਾਤ ਵਿੱਚ ਸਮਾਜ ਦੇ ਆਮ ਲੋਕਾਂ ਵਾਂਗ ਹੀ ਰੱਬ ਤੇ ਧਰਮ ਵਿੱਚ ਵਿਸ਼ਵਾਸੀ ਹੋਣ ਦੇ ਚੇਤਨ/ਅਚੇਤਨ ਇਸ਼ਾਰੇ ਦਿੰਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਤਰ੍ਹਾਂ ਕਰਨ ਦੇ ਕੁਝ ਜਾਇਜ਼ ਕਾਰਨ ਵੀ ਹੋ ਸਕਦੇ ਹਨ ਪਰ ਕਿਉਂਕਿ ਉਹ ਸਮਾਜ ਦੇ ਬਾਕੀ ਲੋਕਾਂ ਨਾਲੋਂ ਵੱਖਰਾ ਕਰਦੇ ਜਾਂ ਕਰਨ ਦੀ ਕੋਸ਼ਸ਼ ਵਿੱਚ ਹਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਜੀਵਨ ਜਾਚ ਤੋਂ ਪ੍ਰਭਾਵਤ ਵੀ ਹੁੰਦੇ ਹਨ ਇਸ ਲਈ ਉਨ੍ਹਾਂ ਤੋਂ ਧਰਮ ਜਾਂ ਵਿਸ਼ਵਾਸ ਦੇ ਮਾਮਲੇ ਵਿੱਚ ਵੱਖਰੀ ਆਸ ਰੱਖਣਾ ਗਲਤ ਨਹੀਂ।
ਸਵਾਲ: ਵਿਗਿਆਨ ਵਲੋਂ ਕੁਦਰਤ ਦੇ ਬਹੁਤ ਸਾਰੇ ਭੇਤਾਂ ਨੂੰ ਜਾਣ ਲੈਣ ਬਾਅਦ ਵੀ ਦੁਨੀਆ ਦੇ ਵੱਡੇ ਹਿੱਸਿਆਂ ਵਿੱਚ ਲੋਕਾਂ ਦੇ ਮਨਾਂ ਵਿੱਚੋਂ ਰੱਬ ਜਾਂ ਇਸ ਨਾਲ ਸਬੰਧਤ ਚੀਜ਼ਾਂ ਵਿੱਚ ਵਿਸ਼ਵਾਸ ਘਟਣ ਦੀ ਥਾਂ ਸਗੋਂ ਵਧ ਰਿਹਾ ਨਜ਼ਰ ਆਉਂਦਾ ਹੈ। ਇਸ ਦੇ ਕੀ ਕਾਰਨ ਹਨ?
ਜਵਾਬ: ਪਿਛਲੇ ਸਮਿਆਂ ਦੌਰਾਨ ਕੁਝ ਲੋਕ ਤਲਵਾਰ ਦੇ ਜੋਰ ਲੋਕਾਂ ਉੱਤੇ ਰਾਜ ਕਰਦੇ ਸਨ। ਹਕੂਮਤ ਕਰਨ ਵਾਲ਼ੇ ਇਹ ਤਾਕਤਵਰ ਵਿਅਕਤੀ ਬਹੁਤੀ ਵਾਰੀ ਆਪਣੀ ਸਥਿਤੀ ਲਈ ਕਿਸੇ ਬਾਹਰੀ ਸ਼ਕਤੀ (ਵੱਖਰੇ ਵੱਖਰੇ ਦੇਵਤੇ, ਰੱਬ, ਭਗਵਾਨ, ਅੱਲਾ ਜਾਂ ਜਿਸ ਵੀ ਨਾਮ ਵਾਲ਼ੇ ਧਾਰਮਿਕ ਸਮਾਜ ਵਿੱਚ ਉਹ ਪੈਦਾ ਹੋਏ ਹੋਣ) ਦੀ ਉਨ੍ਹਾਂ ਉੱਪਰ ਹੋਈ ਮਿਹਰ ਨੂੰ ਜੁੰਮੇੇਵਾਰ ਸਮਝਦੇ ਸਨ ਤੇ ਆਪਣੀ ਵਲੋਂ ਉਸ ਦੇ ਸ਼ੁਕਰਾਨੇ ਲਈ ਜੋ ਵੀ ਉਹ ਕਰ ਸਕਦੇ ਹੋਣ ਕਰਦੇ ਸਨ ਸਣੇ ਉਸ ਧਰਮ ਦੀ ਰਾਖੀ, ਦੇਖਭਾਲ਼ ਅਤੇ ਉਸ ਨੂੰ ਲੋਕਾਂ ਵਿੱਚ ਪ੍ਰਚਾਰਣ ਦੀਆਂ ਕੋਸ਼ਸ਼ਾਂ ਦੇ। ਇਸ ਦੇ ਬਦਲੇ ਵਿੱਚ ਧਾਰਮਿਕ ਆਗੂ ਉਸ ਤਾਕਤਵਰ ਵਿਅਕਤੀ ਨੂੰ ਰੱਬ ਵਲੋਂ ਲੋਕਾਂ ਉੱਤੇ ਰਾਜ ਕਰਨ ਵਾਲ਼ਾ ਗਰਦਾਨ ਕੇ ਉਸ ਦੀ ਤਾਕਤ ਨੂੰ ਲੋਕਾਂ ਦੇ ਮਨਾਂ ਵਿੱਚ ਰੱਬੀ ਹੁਕਮ ਵਜੋਂ ਸਥਾਪਤ ਕਰ ਦਿੰਦੇ ਸਨ। ਕਈ ਵਾਰੀ ਇਹ ਵਿਅਕਤੀ ਹੀ ਉਸ ਸਮਾਜ ਵਿਚਲੇ ਧਰਮ ਦੇ ਮੋਢੀ ਹੁੰਦੇ ਸਨ ਜਾਂ ਸਿੱਧੇ ਤੌਰ ਉੱਤੇ ਧਰਮ ਦੀ ਵਰਤੋਂ ਨਾਲ ਰਾਜ ਕਰਦੇ ਸਨ।
ਯੂਰਪ ਵਿੱਚ ਜਾਗਰਤੀ ਲਹਿਰ (ਰੈਨੇਸਾਂਸ) ਨੇ ਵਿਗਿਆਨਕ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਸਨਅਤੀ ਇੰਨਕਲਾਬ ਲਿਆਂਦਾ ਜਿਸ ਨਾਲ ਸਮਾਜ ਦੀ ਬਣਤਰ ਉੱਤੇ ਵੀ ਸਿੱਧਾ ਅਸਰ ਪਿਆ। ਸਮਾਜ ਦਾ ਇਕ ਵੱਡਾ ਹਿੱਸਾ ਪਹਿਲਾਂ ਵਾਲ਼ੇ ਮੁੱਖ ਕਿੱਤੇ ਖੇਤੀਬਾੜੀ ਤੋਂ ਲਾਂਭੇ ਹੋ ਕੇ ਮਜ਼ਦੂਰ ਜਮਾਤ ਵਿੱਚ ਬਦਲ ਗਿਆ ਅਤੇ ਨਵੇਂ ਪੈਦਾਵਾਰੀ ਸਾਧਨਾਂ ਉੱਤੇ ਕਾਬਜ ਜਮਾਤ ਹੋਂਦ ਵਿੱਚ ਆਈ। ਸਮਾਜ ਦੀ ਬਣਤਰ ਵਿੱਚ ਜਿੱਥੇ ਪਹਿਲਾਂ ਰਜਵਾੜਾ ਸ਼ਾਹੀ ਦੇ ਹੱਥ ਤਾਕਤ ਹੁੰਦੀ ਸੀ ਹੁਣ ਇਸ ਨਵੇਂ ਢਾਂਚੇ ਵਿੱਚ ਇਹ ਤਾਕਤ ਪੂੰਜੀਵਾਦੀ ਜਮਾਤ ਦੇ ਹੱਥਾਂ ਵਿੱਚ ਆ ਗਈ ਭਾਵੇਂ ਨਾਲ ਨਾਲ ਰਜਵਾੜਾ ਸ਼ਾਹੀ ਵੀ ਕਾਇਮ ਰਹੀ। ਇਸ ਨਵੀਂ ਜਮਾਤ ਨੇ ਆਪਣਾ ਮੁਨਾਫਾ ਤੇ ਅਸਰ ਵਧਾਉਣ ਲਈ ਮਜ਼ਦੂਰ ਜਮਾਤ ਦਾ ਹਰ ਸਿੱਧੇ ਅਸਿੱਧੇ ਢੰਗ ਨਾਲ ਸੋ਼ਸ਼ਣ ਕੀਤਾ। ਕੁਝ ਥਾਵਾਂ ਉੱਤੇ ਮਜ਼ਦੂਰ ਜਮਾਤ ਨੇ ਇਸ ਸ਼ੋਸ਼ਣ ਵਿਰੁੱਧ ਕਾਮਯਾਬੀ ਨਾਲ ਵਿਦਰੋਹ ਕੀਤਾ ਤੇ ਵੱਖਰਾ ਢਾਂਚਾ ਸਥਾਪਤ ਕਰਨ ਦੀ ਕੋਸ਼ਸ਼ ਕੀਤੀ ਜਿਸ ਦੀ ਵੱਡੀ ਉਦਾਹਰਣ ਸੋਵੀਅਤ ਰੂਸ ਸੀ। ਪਰ ਬਹੁਤੇ ਸਨਅਤੀ ਸਮਾਜਾਂ ਵਿੱਚ ਹਾਕਮ ਜਮਾਤ ਨੇ ਮਜ਼ਦੂਰ ਜਮਾਤ ਨੂੰ ਸਿੱਧੇ ਵਿਦਰੋਹ ਕਰਨ ਤੋਂ ਰੋਕੀ ਰੱਖਣ ਲਈ ਉਨ੍ਹਾਂ ਦੀਆਂ ਹਾਲਤਾਂ ਵਿੱਚ ਕੁਝ ਸੁਧਾਰ ਕੀਤੇ ਅਤੇ ਬਰਾਬਰ ਦੇ ਹੱਕ ਦੇਣ ਦੇ ਦਿਖਾਵੇ ਵਾਲ਼ੇ ਜਮਹੂਰੀਅਤ ਵਰਗੇ ਢਾਂਚੇ ਦੀ ਸਥਾਪਨਾ ਕੀਤੀ। ਪਰ ਇਸ ਢਾਂਚੇ ਵਿੱਚ ਅਸਲੀ ਤਾਕਤ ਪੂੰਜੀਵਾਦੀ ਜਮਾਤ ਦੇ ਹੱਥ ਵਿੱਚ ਹੀ ਰਹੀ। ਇਸ ਜਮਾਤ ਵਲੋਂ ਮਜ਼ਦੂਰ ਜਮਾਤ ਨੂੰ ਕਾਬੂ ਵਿੱਚ ਰੱਖਣ ਲਈ ਧਰਮ ਦੇ ਨਾਲ ਨਾਲ ਹੋਰ ਅਨੇਕਾਂ ਬੜੇ ਸਿਰਜਨਾਤਮਿਕ ਤਰੀਕੇ ਅਪਣਾਏ ਜਾਂਦੇ ਰਹੇ ਹਨ ਜਿਸ ਰਾਹੀਂ ਪੈਸਾ ਵੀ ਕਮਾਇਆ ਜਾਂਦਾ ਹੈ ਤੇ ਲੋਕਾਂ ਨੂੰ ਦਿਮਾਗੀ ਤੌਰ ਉੱਤੇ ਕਾਬੂ ਵਿੱਚ ਵੀ ਰੱਖਿਆ ਜਾਂਦਾ ਹੈ। ਫਿਲਮਾਂ, ਸੰਗੀਤ, ਖੇਡਾਂ ਨਸ਼ੇ ਤੇ ਪੋਰਨੋਗਰਾਫੀ ਆਦਿ ਜਿਸ ਦੀਆਂ ਮੁੱਖ ਉਦਾਹਰਨਾਂ ਹਨ। ਪਰ ਲੋਕਾਂ ਨੂੰ ਕਿਸੇ ਇੰਨਕਲਾਬੀ ਤਬਦੀਲੀ ਦਾ ਰਾਹ ਅਪਨਾਉਣ ਤੋਂ ਰੋਕਣ ਲਈ ਸਦੀਆਂ ਤੋਂ ਵਰਤੇ ਗਏ ਤਰੀਕੇ ਦੀ ਵਰਤੋਂ ਅਜੇ ਵੀ ਮੁਕਾਬਲਤਨ ਵੱਧ ਹੁੰਦੀ ਹੈ ਤੇ ਉਹ ਹੈ ਧਰਮ। ਵਿਕਸਤ ਹੋ ਚੁੱਕੇ ਪੂੰਜੀਵਾਦੀ ਮੁਲਕਾਂ ਵਿੱਚ, ਉਦਾਹਰਨ ਵਜੋਂ, ਸੰਯੁਕਤ ਰਾਜ ਅਮਰੀਕਾ (ਯੂ ਐੱਸ ਏ) ਨੂੰ ਸਥਾਪਤ ਕਰਨ ਵਾਲ਼ੇ ਮੋਢੀਆਂ ਵਲੋਂ ਭਾਵੇਂ ਚੇਤਨ ਤੌਰ ਉੱਤੇ ਧਰਮ ਨੂੰ ਰਾਜ ਨਾਲੋਂ ਵੱਖ ਰੱਖਿਆ ਗਿਆ ਪਰ ਸਰਕਾਰਾਂ ਵੀ ਤੇ ਸਮਾਜ ਵਿਚਲੇ ਪੈਸੇ ਵਾਲ਼ੇ ਲੋਕ ਵੀ ਧਰਮ ਦੇ ਦਬਦਬੇ ਨੂੰ ਲੋਕਾਂ ਵਿੱਚ ਜਿਉਂ ਦਾ ਤਿਉਂ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਸ਼ ਕਰਦੇ ਹਨ। ਨਤੀਜੇ ਵਜੋਂ ਅਜੋਕੀਆਂ ਵੱਖਰੀਆਂ ਸਥਿਤੀਆਂ ਵਿੱਚ ਸਮਾਜ ਵਿਚਲੇ ਤਾਕਤਵਰ ਲੋਕਾਂ ਅਤੇ ਧਰਮ ਦਾ ਲਗਭਗ ਪਹਿਲਾਂ ਵਰਗਾ ਹੀ ਆਪਸੀ ਰਿਸ਼ਤਾ ਕੰਮ ਕਰਦਾ ਨਜ਼ਰ ਆਉਂਦਾ ਹੈ।
ਪੂਰੀ ਦੁਨੀਆ ਇਸ ਸਮੇਂ ਥੋੜ੍ਹੇ ਬਹੁਤੇ ਫਰਕ ਨਾਲ ਪੂੰਜੀਵਾਦੀ ਆਰਥਿਕ ਢਾਂਚੇ ਦਾ ਹਿੱਸਾ ਹੈ। ਇਹ ਹੁਣ ਕਿਸੇ ਬਹਿਸ ਦਾ ਵਿਸ਼ਾ ਨਹੀਂ ਕਿ ਇਸ ਆਰਥਿਕ ਢਾਂਚੇ ਅਨੁਸਾਰ ਇੱਕੋ ਇੱਕ ਮੁੱਖ ਨਿਸ਼ਾਨਾ ਸਿਰਫ ਤੇ ਸਿਰਫ ਮੁਨਾਫਾ ਕਮਾਉਣਾ ਹੈ ਤੇ ਇਸ ਲਈ ਜੇ ਇਨਸਾਨ ਜਾਂ ਕੁਦਰਤ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਹ ਇਸ ਸਿਸਟਮ ਦੀ ਸਿਰਦਰਦੀ ਨਹੀਂ। ਨਤੀਜੇ ਵਜੋਂ, ਵਿਅਕਤੀ ਦੀ ਪੱਧਰ ਉੱਤੇ ਵੀ ਤੇ ਸਮਾਜਾਂ ਦੀ ਪੱਧਰ ਉੱਤੇ ਵੀ, ਨਿੱਤ ਨਾਬਰਾਬਰਤਾ ਵੱਧ ਰਹੀ ਹੈ ਅਤੇ ਵਾਤਾਵਰਨ ਨੂੰ ਪਹੁੰਚ ਰਹੇ ਨੁਕਸਾਨ ਦੇ ਹਰ ਪਾਸੇ ਸਬੂਤ ਮਿਲਣੇ ਚਿਰੋਕੇ ਸ਼ੁਰੂ ਹੋ ਚੁੱਕੇ ਹਨ। ਇਹ ਪੱਕ ਕਰਨ ਲਈ ਕਿ ਲੋਕ ਨਾ ਤਾਂ ਸਮਾਜ ਵਿੱਚਲੀ ਨਾਬਰਾਬਰਤਾ ਉੱਤੇ ਅਤੇ ਨਾ ਹੀ ਇਸ ਢਾਂਚੇ ਰਾਹੀਂ ਹੋ ਰਹੀ ਕੁਦਰਤੀ ਤਬਾਹੀ ਉੱਤੇ ਕਿੰਤੂ ਪਰੰਤੂ ਕਰਨ, ਕਾਬਜ਼ ਜਮਾਤ ਆਪਣੀ ਪੂਰੀ ਕੋਸ਼ਸ਼ ਕਰਦੀ ਹੈ ਕਿ ਉਹ ਲੋਕਾਂ ਨੂੰ ਵਿਗਿਆਨਕ ਸੂਝ ਤੋਂ ਦੂਰ ਰੱਖੇ ਅਤੇ ਸਦੀਆਂ ਤੋਂ ਪ੍ਰਚਲਤ ਧਾਰਮਿਕ ਵਿਸ਼ਵਾਸਾਂ ਵਿੱਚ ਫਸਾਈ ਰੱਖੇ। ਅਜੋਕੇ ਸਮੇਂ ਦੌਰਾਨ ਭਾਰਤ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ।
ਸਵਾਲ: ਅਕਸਰ ਇਹ ਮੰਨਿਆਂ ਜਾਂਦਾ ਹੈ ਕਿ ਰੱਬ ਵਿੱਚ ਵਿਸ਼ਵਾਸ ਉੱਤੇ ਅਧਾਰਤ ਧਰਮ ਬੰਦੇ ਨੂੰ ਨੈਤਿਕ ਬਣਾਉਂਦਾ ਹੈ। ਦੂਜੇ ਸ਼ਬਦਾਂ ਵਿੱਚ ਚੰਗਾ ਬਣਨ ਲਈ ਧਾਰਮਿਕ ਹੋਣਾ ਜ਼ਰੂਰੀ ਹੈ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ?
ਜਵਾਬ: ਨਹੀਂ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ। ਹੋਰ ਕਈ ਸਭਿਆਚਾਰਾਂ ਵਾਂਗ ਹੀ ਪੰਜਾਬੀ ਸਭਿਆਚਾਰ ਵਿੱਚ ਵੀ ਇਹ ਗੱਲ ਮੰਨੀ ਜਾਂਦੀ ਰਹੀ ਹੈ ਕਿ ਕੋਈ ਵੀ ਵਿਅਕਤੀ ਧਰਮ ਬਿਨਾਂ ਜਾਂ ਰੱਬ ਦੇ ਡਰ ਬਿਨਾਂ ਚੰਗਾ ਨਹੀਂ ਹੋ ਸਕਦਾ। ਇਹ ਆਮ ਮੰਨਿਆ ਜਾਂਦਾ ਹੈ ਕਿ ਜਿਸ ਬੰਦੇ ਦੇ ਮਨ ਵਿੱਚ ਰੱਬ ਦਾ ਡਰ ਨਹੀਂ ਉਹ ਕੁਝ ਵੀ ਕਰ ਸਕਦਾ ਹੈ। ਪਰ ਇਸ ਵਿਚਾਰ ਜਾਂ ਵਿਸ਼ਵਾਸ ਦਾ ਸਚਾਈ ਨਾਲ ਕੋਈ ਸਬੰਧ ਨਹੀਂ। ਜੇ ਅਸੀਂ ਪੰਜਾਬੀ ਸਮਾਜ ਵੱਲ ਸਰਸਰੀ ਨਜ਼ਰ ਵੀ ਮਾਰੀਏ ਤਾਂ ਇਕ ਪਾਸੇ ਅਸੀਂ ਦੇਖਦੇ ਹਾਂ ਕਿ ਪੰਜਾਬੀਆਂ ਦੀ ਵੱਡੀ ਗਿਣਤੀ ਰੱਬ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਕਾਫੀ ਹੱਦ ਤੱਕ ਧਾਰਮਿਕ ਹੈ ਪਰ ਦੂਜੇ ਪਾਸੇ ਦੀ ਸਚਾਈ ਇਹ ਹੈ ਕਿ ਜੀਵਨ ਦੇ ਕੰਮਕਾਰ, ਆਮ ਲੈਣ ਦੇਣ ਜਾਂ ਸਿਆਸਤ ਵਰਗੇ ਜੀਵਨ ਨਾਲ ਸਬੰਧ ਰੱਖਣ ਵਾਲ਼ੇ ਬਹੁਤੇ ਪੱਖਾਂ ਵਿੱਚ ਇਮਾਨਦਾਰੀ ਜਾਂ ਚੰਗਿਆਈ ਅਕਸਰ ਗਾਇਬ ਹੁੰਦੀ ਹੈ। ਇਸ ਵਿਸ਼ੇ ਸਬੰਧੀ ਹੋਰ ਵਿਸਥਾਰ ਵਿੱਚ ਜਾਨਣ ਲਈ ਸਿਰਜਣਾ ਵਿੱਚ ਛਪਿਆ ਮੇਰਾ ਲੇਖ ‘ਨੈਤਿਕਤਾ ਅਤੇ ਧਰਮ’ ਦੇਖਿਆ ਜਾ ਸਕਦਾ ਹੈ (ਸਿਰਜਣਾ-198, ਅਕਤੂਬਰ-ਦਸੰਬਰ 2020)।
ਸਵਾਲ: ਉਹ ਕਿਹੜੇ ਵਿਸ਼ੇਸ਼ ਕਾਰਨ ਹਨ ਜਿਨ੍ਹਾਂ ਕਰਕੇ ਤੁਸੀਂ ਖਾਸ ਕਰ ਪੰਜਾਬੀਆਂ ਦੇ ਜੀਵਨ ਵਿੱਚੋਂ, ਧਰਮ ਦੀ ਮਹੱਤਤਾ ਨੂੰ ਘੱਟ ਕਰਨ ਲਈ ਏਨੇ ਉਤਾਵਲੇ ਹੋ?
ਜਵਾਬ: ਕਈ ਕਾਰਨ ਹਨ ਜਿਵੇਂ ਜਾਤ-ਪਾਤ ਹੈ, ਅੰਧਵਿਸ਼ਵਾਸ ਹੈ, ਪੰਜਾਬੀ ਭਾਸ਼ਾ ਦਾ ਮਸਲਾ ਹੈ ਆਦਿ। ਮੈਨੂੰ ਲੱਗਦਾ ਹੈ ਕਿ ਇਹ ਮਸਲੇ ਹਰ ਪੰਜਾਬੀ ਨੂੰ ਦਿਸਣੇ ਅਤੇ ਮਹਿਸੂਸ ਹੋਣੇ ਚਾਹੀਦੇ ਹਨ। ਮੈਂ ਆਪਣੇ ਜੀਵਨ ਤਜਰਬੇ ਵਿੱਚੋਂ ਮਹਿਸੂਸ ਕੀਤੇ ਦੋ ਮੁੱਖ ਕਾਰਨਾਂ ਬਾਰੇ ਚਰਚਾ ਕਰਨ ਦੀ ਕੋਸ਼ਸ਼ ਕਰਦਾ ਹਾਂ:
1) ਜਾਤ-ਪਾਤ – ਭਾਰਤੀ ਸਮਾਜ ਦਾ ਸਭ ਤੋਂ ਕੋਹਜਾ ਤੇ ਨਫਰਤਯੋਗ ਪੱਖ ਜਾਤ-ਪਾਤ ਹੈ। ਸਾਰੇ ਵਿਕਸਤ ਸਮਾਜਾਂ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਦਰਜਾਬੰਦੀ ਸਥਾਪਤ ਹੋਈ ਹੁੰਦੀ ਹੈ। ਉਦਾਹਰਨ ਵਜੋਂ, ਅਸੀਂ ਦੇਖਦੇ ਹਾਂ ਕਿ ਦੱਖਣੀ ਅਮਰੀਕਾ ਦੇ ਬਹੁਤੇ ਦੇਸਾਂ ਵਿੱਚ ਇਹ ਦਰਜਾਬੰਦੀ ਯੂਰਪ ਵਿੱਚੋਂ ਆਏ ਲੋਕਾਂ ਵਲੋਂ ਆਪਣੀ ਤਾਕਤ ਨਾਲ ਸਥਾਪਤ ਕੀਤੀ ਗਈ। ਸਮਾਜ ਦੀ ਸਭ ਤੋਂ ਉੱਪਰਲੀ ਤਹਿ ਉੱਤੇ ਸਪੇਨ ਜਾਂ ਯੂਰਪ ਦੇ ਹੋਰ ਦੇਸਾਂ ਤੋਂ ਆਉਣ ਵਾਲ਼ੇ ਲੋਕ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਆਉਂਦੇ ਹਨ। ਉਸ ਤੋਂ ਥੱਲੇ ਯੂਰਪੀਅਨ ਤੇ ਆਦਿਵਾਸੀ ਲੋਕਾਂ ਦੇ ਮਿਲਾਪ ਤੋਂ ਪੈਦਾ ਹੋਈ ਸੰਤਾਨ। ਉਸ ਤੋਂ ਥੱਲੇ ਯੂਰਪੀਅਨ ਤੇ ਅਫਰੀਕਨਾਂ ਤੋਂ ਪੈਦਾ ਹੋਏ ਲੋਕ। ਉਸ ਤੋਂ ਥੱਲੇ ਆਦਿਵਾਸੀਆਂ ਅਤੇ ਅਫਰੀਕਨਾਂ ਦੀ ਸੰਤਾਨ। ਉਸ ਤੋਂ ਥੱਲੇ ਆਦਿਵਾਸੀ ਲੋਕ ਅਤੇ ਸਭ ਤੋਂ ਥੱਲੇ ਅਫਰੀਕਨ ਪਿਛੋਕੜ ਦੇ ਲੋਕ। ਸਮਾਜ ਦੇ ਹਰ ਪਹਿਲੂ ਉੱਪਰ ਇਸ ਦਰਜਾਬੰਦੀ ਦਾ ਅਸਰ ਦੇਖਿਆ ਜਾ ਸਕਦਾ ਹੈ। ਆਰਥਿਕ ਨਾਬਰਾਬਰੀ ਕਾਰਨ ਥੱਲੇ ਵਾਲੀਆਂ ਪਰਤਾਂ ਕੋਲ ਉੱਪਰਲੀਆਂ ਪਰਤਾਂ ਵਰਗਾ ਮੁਕਾਬਲਤਨ ਸੁਖਾਲਾ ਜੀਵਨ ਜਾਂ ਸਨਮਾਨ ਨਹੀਂ। ਭਾਰਤ ਵਿੱਚ ਵੀ ਆਰੀਆ ਲੋਕਾਂ ਦੇ ਬਾਹਰੋਂ ਆਉਣ ਨਾਲ ਮੌਜੂਦਾ ਸਮਾਜ ਦੀ ਦਰਜਾਬੰਦੀ ਸਥਾਪਤ ਹੋਈ। ਆਰੀਅਨਾਂ ਨੇ ਆਪਣੀ ਤਾਕਤ ਨਾਲ ਏਥੋਂ ਦੇ ਮੁੱਢਲੇ ਵਸਨੀਕਾਂ ਨੂੰ ਜੀਵਨ ਨਾਲ ਸਬੰਧਤ ਹਰ ਗੱਲ ਵਿੱਚ ਆਪਣੇ ਤੋਂ ਥੱਲਲੇ ਸਥਾਨ ਉੱਤੇ ਰੱਖਿਆ ਅਤੇ ਛੂਆ ਛਾਤ ਦਾ ਢਾਂਚਾ ਚਾਲੂ ਕਰਕੇ ਸ਼ੂਦਰਾਂ ਅਤੇ ਅਤਿ-ਸ਼ੂਦਰਾਂ ਨੂੰ ਸਮਾਜ ਵਿੱਚ ਨਫਰਤ ਦੇ ਪਾਤਰ ਵੀ ਬਣਾ ਦਿੱਤਾ ਗਿਆ। ਪਰ ਜਿਹੜੀ ਚੀਜ਼ ਭਾਰਤ ਦੀ ਸਮਾਜਿਕ ਵੰਡ ਨੂੰ ਦੁਨੀਆਂ ਦੇ ਕਿਸੇ ਵੀ ਹੋਰ ਸਮਾਜ ਨਾਲੋਂ ਵੱਖਰਾ, ਘਟੀਆ ਤੇ ਹੱਦ ਦਰਜੇ ਦਾ ਨਫਰਤਯੋਗ ਬਣਾਉਂਦੀ ਹੈ ਉਹ ਹੈ ਇਸ ਸਮਾਜਿਕ ਵੰਡ ਨੂੰ ਧਰਮ ਨਾਲ ਜੋੜ ਕੇ ਪੇਸ਼ ਕਰਨ ਦੀ ਵਿਧੀ। ਇਸ ਕਾਰਨ ਇਹ ਨਿਹਾਇਤ ਹੀ ਘਟੀਆ ਤੇ ਹਰ ਤਰ੍ਹਾਂ ਨਿੰਦਣਯੋਗ ਸਮਾਜਿਕ ਢਾਂਚਾ ਇੱਕੀਵੀਂ ਸਦੀ ਵਿੱਚ ਵੀ ਕਾਇਮ ਹੈ।
ਇਸ ਵਿਵਸਥਾ ਨੂੰ ਪੱਕੇ ਤੌਰ ਉੱਤੇ ਕਾਇਮ ਕਰਨ ਲਈ ਮੰਨੂ ਸਿਮ੍ਰਤੀ ਨਾਂ ਦੀ ਮਿੱਥ ਘੜੀ ਗਈ ਜਿਸ ਅਨੁਸਾਰ ਸਮਾਜ ਨੂੰ ਚਾਰ ਮੁੱਖ ਭਾਗਾਂ ਜਾਂ ਜਾਤਾਂ ਵਿੱਚ ਵੰਡਿਆ ਗਿਆ। ਇਸ ਜਾਤੀ ਵੰਡ ਦੀ ਮਿੱਥ ਘੜਨ ਵਾਲ਼ੇ ਆਰੀਅਨਾਂ ਨੇ ਖੁਦ ਨੂੰ ਉੱਪਰ ਰੱਖਿਆ ਅਤੇ ਏਥੋਂ ਦੇ ਪਹਿਲੇ ਵਾਸੀਆਂ ਜਾਂ ਅਨਆਰੀਅਨਾਂ ਨੂੰ ਸੱਭ ਤੋਂ ਥੱਲੇ। ਥੱਲੇ ਵਾਲ਼ਿਆਂ ਨੂੰ ਬ੍ਰਹਮਾ ਦੇ ਪੈਰਾਂ ਵਿੱਚੋਂ ਪੈਦਾ ਹੋਣ ਵਾਲ਼ੇ ਅਛੂਤ ਦੱਸਿਆ ਅਤੇ ਇਹ ਸੋਚ ਸਥਾਪਤ ਕੀਤੀ ਕਿ ਅਛੂਤ ਦੀ ਜਿਸਮਾਨੀ ਛੋਹ ਹੀ ਨਹੀਂ ਸਗੋਂ ਉਨ੍ਹਾਂ ਦਾ ਪਰਛਾਵਾਂ ਵੀ ਉੱਪਰਲੀ ਜਾਤ ਵਾਲ਼ਿਆਂ ਨੂੰ ਗੰਦਾ ਕਰ ਦਿੰਦਾ ਹੈ ਤੇ ਉਨ੍ਹਾਂ ਲਈ ਆਪਣੇ ਆਪ ਨੂੰ ਸ਼ੁੱਧ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉੱਪਰਲੇ ਸਮਾਜਕ ਪ੍ਰਬੰਧ ਨੂੰ ਚਲਾਉਣ ਵਾਲ਼ੇ ਸਾਫ ਸੁਥਰੇ ਕੰਮ ਕਰਨਗੇ ਤੇ ਥੱਲੇ ਵਾਲ਼ੇ ਸਮਾਜ ਦਾ ਹਰ ਗੰਦਾ ਕੰਮ। ਇਨਸਾਨੀ ਜਨਮ ਨੂੰ ‘ਕਰਮ’ ਨਾਲ ਜੋੜ ਕੇ ਚੌਰਾਸੀ ਲੱਖ ਜੂਨਾਂ ਦੀ ਕਹਾਣੀ ਬਣਾਈ ਗਈ ਕਿ ਉੱਪਰਲੀਆਂ ਜਾਤਾਂ ਵਿੱਚ ਪੈਦਾ ਹੋਣ ਵਾਲ਼ਿਆਂ ਨੇ ਆਪਣੇ ਪਿਛਲੇ ਜਨਮਾਂ ਵਿੱਚ ਚੰਗੇ ਕਰਮ ਕੀਤੇ ਹੁੰਦੇ ਹਨ ਤੇ ਥੱਲੇ ਵਾਲੀਆਂ ਜਾਤਾਂ ਵਿੱਚ ਜੰਮਣ ਵਾਲ਼ਿਆਂ ਨੇ ਮਾੜੇ ਕਰਮ ਕੀਤੇ ਹੁੰਦੇ ਹਨ। ਤੇ ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਇਹ ਸਭ ਕੁਝ ਕਿਸੇ ਬਾਹਰੀ ਸ਼ਕਤੀ ਨੇ ਨਿਰਧਾਰਤ ਕੀਤਾ ਹੈ ਤੇ ਇਸ ਨੂੰ ਬਦਲਣਾ ਬੰਦੇ ਦੇ ਹੱਥ ਵਿੱਚ ਨਹੀਂ। ਭਾਰਤ ਵਿੱਚ ਜੰਮਣ ਵਾਲ਼ਾ ਹਰ ਇਨਸਾਨ ਜਾਤ-ਪਾਤ ਦੀ ਅਸਲੀਅਤ ਤੋਂ ਵਾਕਿਫ ਹੈ ਅਤੇ ਇਹ ਵੀ ਜਾਣਦਾ ਹੈ ਕਿ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਹੁਣ ਤੱਕ ਹੋਈ ਹਰ ਕੋਸ਼ਸ਼ ਨਾਕਾਮਯਾਬ ਹੋਈ ਹੈ। ਇਨ੍ਹਾਂ ਕੋਸ਼ਸ਼ਾਂ ਵਿੱਚ ਹਿੰਦੂ ਧਰਮ ਅੰਦਰ ਚੱਲੀ ਭਗਤੀ ਲਹਿਰ ਵੀ ਸ਼ਾਮਲ ਹੈ ਅਤੇ ਇਸ ਦੀ ਅਗਲੀ ਲੜੀ ਵਜੋਂ ਅਤੇ ਨਾਲ ਹੀ ਇਸਲਾਮ ਵਿਚਲੀ ਸੂਫੀ ਲਹਿਰ ਦੇ ਮਿਲਵੇਂ ਅਸਰ ਨਾਲ ਪੰਜਾਬ ਵਿੱਚ ਉੱਠੀ ਸਿੱਖ ਲਹਿਰ ਵੀ ਅਸਲ ਵਿੱਚ ਜਾਤ-ਪਾਤ ਨੂੰ ਸਮਾਜ ਵਿੱਚੋਂ ਖਤਮ ਕਰਨ ਦਾ ਯਤਨ ਸੀ। ਪਰ ਗੁਰੂ ਨਾਨਕ ਦੇ ਸੱਜਰੇ ਅਤੇ ਸਮੇਂ ਅਨੁਸਾਰ ਇੰਨਕਲਾਬੀ ਵਿਚਾਰਾਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਵਲੋਂ ਸਾਜੇ ਖਾਲਸੇ ਦੇ ਪਿੱਛੇ ਵੀ ਕੰਮ ਕਰਦੀ ਸੋਚ ਜਾਤ-ਪਾਤ ਦਾ ਖਾਤਮਾ ਕਹੀ ਜਾ ਸਕਦੀ ਹੈ। ਪਰ ਸਿੱਖ ਲਹਿਰ ਵਿੱਚ ਵੀ ਜਾਤ-ਪਾਤ ਉਨਾਂ ਚਿਰ ਲੁਪਤ ਰਹੀ ਜਿੰਨਾ ਚਿਰ ਸਿੱਖ ਆਪਣੀ ਹੋਂਦ ਲਈ ਸਮਾਜ ਤੋਂ ਬਾਹਰ ਰਹਿ ਕੇ ਲੜਦੇ ਰਹੇ। ਪਰ ਜਦ ਉਹ ਸਮਾਜ ਵਿੱਚ ਸਥਾਪਤ ਹੋ ਗਏ ਤਾਂ ਉਨ੍ਹਾਂ ਵਿੱਚ ਵੀ ਜਾਤ-ਪਾਤ ਬਾਕੀ ਭਾਰਤੀ ਸਮਾਜ ਵਾਂਗ ਹੀ ਮੁੜ ਕੇ ਸਥਾਪਤ ਹੋ ਗਈ। ਇਸੇ ਤਰ੍ਹਾਂ ਆਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਵੀ ਸਾਰੇ ਦੇਸਵਾਸੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਅਤੇ ਕਈ ਕਿਸਮ ਦੇ ਕਾਨੂੰਨ ਬਣਾ ਕੇ ਜਾਤ-ਪਾਤ ਦੇ ਅਸਰ ਨੂੰ ਘਟਾਉਣ ਦੀਆਂ ਕੋਸ਼ਸ਼ਾਂ ਕੀਤੀਆਂ ਗਈਆਂ ਜੋ ਕੁਝ ਸੀਮਤ ਹੱਦ ਤੱਕ ਹੀ ਫਰਕ ਪਾ ਸਕੀਆਂ ਹਨ। ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਅੰਬੇਦਕਰ ਨੇ ਜਾਤ-ਪਾਤ ਦੇ ਖਾਤਮੇ ਲਈ ਤੇ ਲੋਕਾਂ ਨੂੰ ਇਸ ਬਾਰੇ ਚੇਤਨ ਕਰਨ ਲਈ ਸ਼ਾਇਦ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਾਨੂੰਨੀ ਕੋਸ਼ਸ਼ਾਂ ਦੇ ਨਾਲ ਨਾਲ ਅਖੌਤੀ ਛੋਟੀਆਂ ਜਾਤਾਂ ਦੇ ਲੋਕਾਂ ਦੇ ਧਰਮ ਪਰਵਿਰਤਨ ਨਾਲ ਵੀ ਇਸ ਦਾ ਅਸਰ ਘਟਾਉਣ ਦੀ ਕੋਸ਼ਸ਼ ਕੀਤੀ ਪਰ ਸੀਮਤ ਹੱਦ ਤੱਕ ਹੀ ਕਾਮਯਾਬੀ ਹਾਸਲ ਹੋ ਸਕੀ। ਭਾਰਤੀ ਜਾਤ-ਪਾਤ ਦੇ ਹਿੰਦੂ ਧਰਮ ਨਾਲ ਸਿੱਧੇ ਸਬੰਧ ਬਾਰੇ ਡਾਕਟਰ ਅੰਬੇਦਕਰ ਪੂਰੀ ਤਰ੍ਹਾਂ ਚੇਤਨ ਸਨ: “ਜਾਤ-ਪਾਤ ਦਿਮਾਗੀ ਦਸ਼ਾ ਹੈ। ਇਹ ਦਿਮਾਗ ਦੀ ਬੀਮਾਰੀ ਹੈ। ਇਸ ਬੀਮਾਰੀ ਦਾ ਮੁੱਢਲਾ ਕਾਰਨ ਹਿੰਦੂ ਧਰਮ ਦੀ ਸਿੱਖਿਆ ਹੈ। ਅਸੀਂ ਜਾਤ-ਪਾਤ ਅਤੇ ਛੂਆ ਛਾਤ ਉੱਤੇ ਅਮਲ ਕਰਦੇ ਹਾਂ ਕਿਉਂਕਿ ਸਾਨੂੰ ਹਿੰਦੂ ਧਰਮ ਵਲੋਂ ਅਜਿਹਾ ਕਰਨ ਦਾ ਆਦੇਸ਼ ਮਿਲਦਾ ਹੈ।”
ਜਿਸ ਤਰ੍ਹਾਂ ਹਰ ਕਿਸੇ ਨੂੰ ਬਚਪਨ ਤੋਂ ਹੀ ਧਾਰਮਿਕ ਸਿੱਖਿਆ ਮਿਲਣ ਕਾਰਨ ਰੱਬ ਵਿੱਚ ਵਿਸ਼ਵਾਸ ਕੁਦਰਤੀ ਵਰਤਾਰਾ ਲੱਗਦਾ ਹੈ ਇਸੇ ਤਰ੍ਹਾਂ ਹੀ ਇਸ ਸਮਾਜ ਵਿੱਚ ਪੈਦਾ ਹੋਣ ਵਾਲ਼ਿਆਂ ਨੂੰ ਸਮਾਜ ਵਿਚਲੀਆਂ ਜਾਤ-ਪਾਤ ਦੀਆਂ ਇਹ ਵੰਡੀਆਂ ਵੀ ਕੁਦਰਤੀ ਜਾਪਦੀਆਂ ਹਨ ਅਤੇ ਜਿੰਨਾਂ ਚਿਰ ਲੋਕਾਂ ਉੱਪਰ ਧਰਮ ਦਾ ਅਸਰ ਕਾਇਮ ਹੈ ਉਨਾਂ ਚਿਰ ਜਾਤ-ਪਾਤ ਕਾਇਮ ਰਹੇਗੀ। ਇਹ ਸਮੱਸਿਆ ਧਰਮ ਵਲੋਂ ਪੈਦਾ ਕੀਤੀ ਤੇ ਸਮਾਜ ਉੱਪਰ ਠੋਸੀ ਹੋਈ ਹੈ ਤੇ ਜਿੰਨਾ ਚਿਰ ਧਰਮ ਦੀ ਪਕੜ ਸਮਾਜ ਉੱਪਰ ਕਾਇਮ ਹੈ ਉਨਾਂ ਚਿਰ ਇਸ ਕੋਹੜ ਦਾ ਖਾਤਮਾ ਸੰਭਵ ਨਹੀਂ ਜਾਪਦਾ।
2) ਅੰਧਵਿਸ਼ਵਾਸ – ਅਜੋਕੇ ਪੰਜਾਬੀ ਸਮਾਜ ਵਿੱਚ ਅੰਧਵਿਸ਼ਵਾਸ ਵੀ ਇਕ ਵੱਡੀ ਸਮੱਸਿਆ ਵਜੋਂ ਹਾਜ਼ਰ ਹੈ। ਇਕ ਅੰਦਾਜੇ ਅਨੁਸਾਰ ਪੰਜਾਬ ਦੇ ਬਾਰਾਂ ਹਜ਼ਾਰ ਪਿੰਡਾਂ ਵਿੱਚ ਅਠਾਰ੍ਹਾਂ ਹਜ਼ਾਰ ਡੇਰੇ ਜਾਂ ਜੀਂਦੇ ਗੁਰੂਆਂ ਦੇ ਅੱਡੇ ਹਨ। ਇਨ੍ਹਾਂ ਗੁਰੂਆਂ ਤੇ ਬਾਬਿਆਂ ਵਲੋਂ ਪੰਜਾਬ ਦੇ ਗਰੀਬ ਤੇ ਵਿਗਿਆਨਕ ਸੂਝ ਤੋਂ ਕੋਰੇ ਲੋਕਾਂ ਨੂੰ ਪੁਰਾਣੇ ਵਹਿਮਾਂ ਭਰਮਾਂ ਦੇ ਡਰਾਵੇ ਨਾਲ ਆਪਣੀ ਰੋਟੀ ਕਮਾਈ ਜਾਂਦੀ ਹੈ। ਇਨ੍ਹਾਂ ਡੇਰਿਆਂ ਦੇ ਸਾਰੇ ਬਾਬੇ ਜਾਂ ਗੁਰੂ ਚਲਾਕ ਜਾਂ ਧੋਖਾ ਕਰਨ ਵਾਲ਼ੇ ਨਹੀਂ ਹਨ, ਸਗੋਂ ਅਸਲੀਅਤ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਖੁਦ ਵੀ ਵਿਗਿਆਨਕ ਸੂਝ ਤੋਂ ਕੋਰੇ ਹਨ ਅਤੇ ਵਹਿਮਾਂ ਭਰਮਾਂ ਵਿੱਚ ਯਕੀਨ ਕਰਨ ਵਾਲ਼ੇ ਹਨ ਅਤੇ ਇਹੋ ਜਿਹੇ ਵਿਚਾਰ ਉਹ ਜੰਤਾ ਵਿੱਚ ਵੀ ਫੈਲਾ ਰਹੇ ਹਨ। ਇਸ ਸਥਿਤੀ ਲਈ ਅਸਲੀ ਕਸੂਰਵਾਰ ਤਾਂ ਪੰਜਾਬ ਦੀ ਆਰਥਿਕਤਾ ਅਤੇ ਸਿਆਸਤ ਹੈ। ਆਜ਼ਾਦੀ ਦੀ ਪੌਣੀ ਸਦੀ ਦੌਰਾਨ ਪੰਜਾਬ ਵਿੱਚ ਉਸ ਕਿਸਮ ਦਾ ਵਿਕਾਸ ਨਹੀਂ ਹੋ ਸਕਿਆ ਜੋ ਹਰ ਕਿਸੇ ਦੇ ਰੋਟੀ ਰੋਜੀ ਦੇ ਮਸਲੇ ਨੂੰ ਹੱਲ ਕਰ ਸਕੇ, ਲੋਕਾਂ ਨੂੰ ਵਿਗਿਆਨਕ ਪਹੁੰਚ ਵਾਲੀ ਸਿੱਖਿਆ ਪ੍ਰਦਾਨ ਕਰ ਸਕੇ ਅਤੇ ਲੋਕਾਂ ਦੇ ਸਿਹਤ ਆਦਿ ਨਾਲ ਸਬੰਧਤ ਮਸਲੇ ਸੁਲਝਾ ਸਕੇ। ਪੰਜਾਬ ਦੇ ਸਿਆਸਤਦਾਨ ਅਨੇਕਾਂ ਕਾਰਨਾਂ ਕਰਕੇ ਇਸ ਸਥਿਤੀ ਨੂੰ ਸਿੱਧੇ ਤੌਰ ਉੱਤੇ ਹੱਲ ਕਰਨ ਤੋਂ ਅਸਮਰੱਥ ਰਹੇ ਹਨ ਅਤੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਉਹ ਵੀ ਧਰਮ ਅਤੇ ਲੋਕਾਂ ਦੇ ਅੰਧ-ਵਿਸ਼ਵਾਸ ਨੂੰ ਆਪਣੇ ਮਕਸਦ ਲਈ ਵਰਤਦੇ ਹਨ। ਪੰਜਾਬ ਵਿੱਚ ਤਰਕਸ਼ੀਲ ਲਹਿਰ ਨੇ ਅੰਧਵਿਸ਼ਵਾਸ ਨੂੰ ਜੜ੍ਹੋਂ ਉਖੇੜਨ ਲਈ ਬਹੁਤ ਕੰਮ ਕੀਤਾ ਹੈ ਤੇ ਕਰ ਰਹੀ ਹੈ। ਸਿੱਖ ਧਰਮ ਨਾਲ ਸਬੰਧਤ ਵੀ ਬਹੁਤ ਸਾਰੇ ਚਿੰਤਕ ਹਨ ਜੋ ਅੰਧਵਿਸ਼ਵਾਸ ਨੂੰ ਖਤਮ ਕਰਨ ਲਈ ਯਤਨਸ਼ੀਲ ਹਨ। ਪਰ ਮੇਰੇ ਵਿਚਾਰ ਵਿੱਚ ਅਸਲ ਸਮੱਸਿਆ ਅੰਧਵਿਸ਼ਵਾਸ ਨਹੀਂ ਸਗੋਂ ਵਿਸ਼ਵਾਸ ਹੈ। ਜਿੰਨਾ ਚਿਰ ਲੋਕਾਂ ਦੇ ਵਿਸ਼ਵਾਸ ਵਿਰੁੱਧ ਉਂਗਲੀ ਨਹੀਂ ਉਠਾਈ ਜਾਂਦੀ ਉਨਾਂ ਚਿਰ ਇਹ ਸਮੱਸਿਆ ਹੱਲ ਹੋਣੀ ਮੁਸ਼ਕਿਲ ਹੈ।
Sadhu Binning D. Litt.
sadhu.binning@gmail.com
